ਮੁਹਾਲੀ: ਪੰਜਾਬ ਵਾਸੀਆਂ ਨੂੰ ਅੱਜ ਭਿਆਨਕ ਗਰਮੀ ਤੋਂ ਰਾਹਤ ਮਿਲ ਸਕਦੀ ਹੈ | ਮੌਸਮ ਵਿਭਾਗ ਨੇ 1 ਅਤੇ 2 ਜੁਲਾਈ ਨੂੰ ਕੁਝ ਜ਼ਿਲ੍ਹਾ ‘ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 9 ਜ਼ਿਲ੍ਹਿਆਂ ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ, ਮਲੇਰਕੋਟਲਾ, ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਮੀਂਹ ਦੀ ਸੰਭਾਵਨਾ ਹੈ। ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਕਈ ਜ਼ਿਲ੍ਹਿਆਂ ‘ਚ ਅੱਜ ਦੁਪਹਿਰ 1-2 ਵਜੇ ਤੱਕ ਬੱਦਲ ਛਾਏ ਹੋਏ ਹਨ, ਪਰ ਮੀਂਹ ਨਾ ਪੈਣ ਕਰ ਕੇ ਹੁੱਮਸ ਭਰਿਆ ਮੌਸਮ ਹੋਇਆ ਹੈ।
ਉੱਥੇ ਹੀ ਦੂਜੇ ਪਾਸੇ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋ ਗਿਆ ਹੈ ਤੇ 1585.83 ਫੁੱਟ ‘ਤੇ ਪੁੱਜ ਗਿਆ ਹੈ ਜਦੋਂ ਕਿ ਭਾਖੜਾ ਡੈਮ ‘ਚ 1680 ਫੁੱਟ ਤੱਕ ਪਾਣੀ ਜਮ੍ਹਾਂ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ 30 ਜੂਨ 2024 ਨੂੰ ਭਾਖੜਾ ਡੈਮ ‘ਚ ਪਾਣੀ ਦੀ ਆਵਕ 34162 ਕਿਊਸਿਕ ਫੁੱਟ ਦਰਜ ਕੀਤੀ ਗਈ ਜਦੋਂ ਕਿ 29693 ਕਿਊਸਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਿੱਚੋਂ ਸਤਲੁਜ ਦਰਿਆ ਵਿੱਚ 10350 ਕਿਊਸਿਕ ਫੁੱਟ, ਨੰਗਲ ਹਾਈਡਲ ਚੈਨਲ ‘ਚ 12500 ਕਿਊਸਿਕ ਫੁੱਟ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ‘ਚ 10150 ਕਿਊਸਿਕ ਫੁੱਟ ਪਾਣੀ ਛੱਡਿਆ ਗਿਆ ਹੈ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਧੀਨ ਭਾਖੜਾ ਡੈਮ, ਗੰਗੂਵਾਲ ਪਾਵਰ ਹਾਊਸ, ਕੋਟਲਾ ਪਾਵਰ ਹਾਊਸ, ਪੌਂਗ ਡੈਮ, ਦੇਹਰ ਪਾਵਰ ਹਾਊਸ ਆਦਿ ਹਾਈਡਲ ਪ੍ਰਾਜੈਕਟ ਆਉਂਦੇ ਹਨ ਜਦੋਂ ਕਿ ਦੇਹਰਾ ਅਤੇ ਪੌਂਗ ਡੈਮ ‘ਚੋਂ ਰਾਜਸਥਾਨ ਦਾ ਹਿੱਸਾ ਕੱਢਣ ਮਗਰੋਂ ਇਨ੍ਹਾਂ ਪ੍ਰਾਜੈਕਟਾਂ ‘ਚੋਂ ਪੰਜਾਬ ਨੂੰ 51.80 ਫੀਸਦੀ, ਹਰਿਆਣਾ ਨੂੰ 37.51 ਫੀਸਦੀ, ਹਿਮਾਚਲ ਪ੍ਰਦੇਸ਼ ਨੂੰ 7.19 ਫੀਸਦੀ ਅਤੇ ਚੰਡੀਗੜ੍ਹ ਨੂੰ 3.5 ਫੀਸਦੀ ਬਿਜਲੀ ਮਿਲਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।