ਸਥਿਰ ਖੇਤੀ ਲਈ ਪਾਣੀ ਦੀ ਸੰਭਾਲ ਅਤੇ ਜ਼ਮੀਨ ਦੀ ਚੰਗੀ ਸਿਹਤ ਬੇਹੱਦ ਜ਼ਰੂਰੀ : ਡਾ. ਢਿੱਲੋਂ

TeamGlobalPunjab
6 Min Read

ਚੰਡੀਗੜ੍ਹ, (ਅਵਤਾਰ ਸਿੰਘ) : ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਅੱਜ ਭੂਮੀ-ਪਾਣੀ ਦੀ ਸੰਭਾਲ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਚੁਅਲ ਵਰਕਸ਼ਾਪ ਕਰਵਾਈ ਗਈ । ਇਸ ਵਿੱਚ 200 ਤੋਂ ਵਧੇਰੇ ਖੋਜ ਅਤੇ ਪਸਾਰ ਮਾਹਿਰ ਸ਼ਾਮਿਲ ਹੋਏ ਜਿਨਾਂ ਵਿੱਚ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਪੰਜਾਬ ਤੋਂ ਇਲਾਵਾ ਕਿ੍ਰਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸੇਵਾ ਸਲਾਹਕਾਰ ਕੇਂਦਰਾਂ ਦੇ ਵਿਗਿਆਨੀ, ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਨ ਅਮਲਾ ਸ਼ਾਮਿਲ ਸੀ।

ਆਰੰਭਕ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਖੇਤੀ ਦੇ ਬਦਲਦੇ ਦਿ੍ਰਸ਼ ਬਾਰੇ ਵਾਰਤਾਲਾਪ ਕੀਤੀ । ਉਹਨਾਂ ਕਿਹਾ ਕਿ ਪਿਛਲੇ 50-60 ਸਾਲਾਂ ਤੋਂ ਫ਼ਸਲੀ ਉਤਪਾਦਨ ਦੇ ਨਾਲ-ਨਾਲ ਫ਼ਸਲੀ ਘਣਤਾ ਵੀ ਵਧੀ ਹੈ । ਇਸ ਦੇ ਨਾਲ ਹੀ ਕੁਦਰਤੀ ਸਰੋਤਾਂ ਉੱਪਰ ਸੁਭਾਵਿਕ ਦਬਾਅ ਵੀ ਵਧਿਆ ਹੈ । ਉਹਨਾਂ ਕਿਹਾ ਕਿ 1960-61 ਵਿੱਚ 7000 ਟਿਊਬਵੈੱਲ ਸਨ ਜਿਨਾਂ ਦੀ ਗਿਣਤੀ ਅੱਜ ਪੌਣੇ ਪੰਦਰਾਂ ਲੱਖ ਹੋ ਗਈ ਹੈ । ਡਾ. ਢਿੱਲੋਂ ਨੇ ਕਿਹਾ ਕਿ ਕਣਕ-ਝੋਨੇ ਦਾ 85% ਤੋਂ ਵਧੇਰੇ ਹਿੱਸਾ ਨਿਰਯਾਤ ਹੁੰਦਾ ਹੈ । ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਦੇਸ਼ ਦੀ ਫਸਲੀ ਪੈਦਾਵਾਰ ਇਸ ਮਾਤਰਾ ਵਿੱਚ ਬਾਹਰ ਜਾਂਦੀ ਹੋਵੇ । ਉਹਨਾਂ ਕਿਹਾ ਕਿ ਇਹ ਜਿਣਸ ਦੇ ਨਾਲ-ਨਾਲ ਪਾਣੀ ਅਤੇ ਕੁਦਰਤੀ ਤੱਤਾਂ ਨੂੰ ਵੀ ਨਿਰਯਾਤ ਕਰਨ ਵਰਗੀ ਗੱਲ ਹੈ ਇਸਲਈ ਖੇਤੀ ਨੂੰ ਸਥਿਰਤਾ ਦੇਣ ਲਈ ਪਾਣੀ ਅਤੇ ਭੂਮੀ ਦੀ ਸੰਭਾਲ ਬੇਹੱਦ ਜ਼ਰੂਰੀ ਹੈ । ਡਾ. ਢਿੱਲੋਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਜੈਵਿਕ ਮਾਦਾ ਵਧਣ ਕਰਕੇ ਮਿੱਟੀ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੋਈ ਹੈ ਪਰ ਇਸ ਦੇ ਨਾਲ ਹੀ ਕੁਝ ਹੋਰ ਜ਼ਰੂਰੀ ਕੰਮ ਕਰਨੇ ਲਾਜ਼ਮੀ ਹਨ । ਉਹਨਾਂ ਕਿਹਾ ਕਿ ਮੀਂਹ ਦੇ ਪਾਣੀ ਦੀ ਸੰਭਾਲ ਲਈ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਅਤੇ ਹੋਰ ਨਹਿਰੀ ਪਾਣੀ ਨੂੰ ਸਿੰਚਾਈ ਲਈ ਵਰਤੋਂਯੋਗ ਬਨਾਉਣਾ ਅੱਜ ਦੇ ਸਮੇਂ ਦੀ ਲੋੜ ਬਣ ਗਈ ਹੈ । ਉਹਨਾਂ ਨੇ ਯੂਨੀਵਰਸਿਟੀ ਵੱਲੋਂ ਪਾਣੀ ਬਚਾਉਣ ਲਈ ਅਪਨਾਈਆ ਜਾਣ ਵਾਲੀਆਂ ਤਕਨੀਕਾਂ ਜਿਵੇਂ ਲੇਜ਼ਰ ਲੈਵਲਰ, ਬੈੱਡ ਪਲਾਂਟੇਸ਼ਨ ਅਤੇ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ-ਨਾਲ ਤੁਪਕਾ ਸਿੰਚਾਈ ਦਾ ਵਿਸ਼ੇਸ਼ ਜ਼ਿਕਰ ਕੀਤਾ । ਨਾਲ ਹੀ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਪਾਣੀ ਬਚਾਉਣ ਦੀ ਦਿਸ਼ਾ ਵਿੱਚ ਪੁੱਟਿਆ ਗਿਆ ਕਦਮ ਕਿਹਾ । ਉਹਨਾਂ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਹੇਠ 5 ਲੱਖ ਹੈਕਟੇਅਰ ਦੇ ਕਰੀਬ ਰਕਬਾ ਸੀ ਜੋ ਇਸ ਸਾਲ ਵਧਾਉਣ ਦੀ ਲੋੜ ਹੈ । ਨਾਲ ਹੀ ਡਾ. ਢਿੱਲੋਂ ਨੇ ਕੰਢੀ ਖੇਤਰ ਵਿੱਚ ਹੋਏ ਕੰਮਾਂ ਦੀ ਤਰਜ਼ ਤੇ ਪਾਣੀ ਦੀ ਸੰਭਾਲ ਅਤੇ ਵਰਤੋਂ ਦਾ ਮਾਡਲ ਉਸਾਰਨ ਲਈ ਸੱਦਾ ਦਿੱਤਾ । ਉਹਨਾਂ ਕਿਹਾ ਕਿ ਅੱਜ ਦੇ ਸਮੇਂ ਦੀ ਲੋੜ ਹੈ ਕਿ ਪਾਣੀ ਵੀ ਬਚੇ ਅਤੇ ਖੇਤੀ ਮੁਨਾਫ਼ਾ ਵੀ ਵਧੇ ।

ਸੈਸ਼ਨ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੰਜਾਬ ਦੇ ਮੁੱਖ ਭੂਮੀ ਸੰਭਾਲ ਅਧਿਕਾਰੀ ਡਾ. ਰਾਜੇਸ਼ ਵਸ਼ਿਸਟ ਨੇ ਕਿਹਾ ਕਿ ਇਸ ਕਾਨਫਰੰਸ ਦੇ ਬਹਾਨੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੀਆਂ ਨਵੀਆਂ ਵਿਧੀਆਂ ਬਾਰੇ ਚਰਚਾ ਹੋਵੇਗਾ । ਉਹਨਾਂ ਨੇ ਕਿਹਾ ਕਿ ਸਿੰਚਾਈ ਲਈ ਪਾਣੀ ਦੀ ਮੰਗ ਘਟਾ ਕੇ ਅਤੇ ਫ਼ਸਲੀ ਵਿਭਿੰਨਤਾ ਨੂੰ ਵਧਾ ਕੇ ਕੁਦਰਤੀ ਸਰੋਤਾਂ ਦੀ ਸੰਭਾਲ ਕੀਤੀ ਜਾ ਸਕਦੀ ਹੈ । ਡਾ. ਵਸ਼ਿਸ਼ਟ ਨੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਪੀ.ਏ.ਯੂ. ਮਾਹਿਰਾਂ ਨੂੰ ਹੋਰ ਤਕਨਾਲੋਜੀਆਂ ਪੈਦਾ ਕਰਨ ਲਈ ਪ੍ਰੇਰਿਤ ਕੀਤਾ।

ਅਪਰ ਨਿਰਦੇਸ਼ਕ ਖੋਜ (ਕੁਦਰਤੀ ਸਰੋਤ ਅਤੇ ਪੌਦਾ ਸਿਹਤ ਪ੍ਰਬੰਧਨ) ਡਾ. ਪੀ ਪੀ ਐੱਸ ਪੰਨੂ ਨੇ ਇਸ ਸੈਸ਼ਨ ਵਿੱਚ ਪਾਣੀ ਅਤੇ ਭੂਮੀ ਦੀ ਸੰਭਾਲ ਲਈ ਪੀ.ਏ.ਯੂ. ਦੀਆਂ ਤਕਨੀਕਾਂ ਅਤੇ ਖੋਜ ਗਤੀਵਿਧੀਆਂ ਉੱਪਰ ਰੌਸ਼ਨੀ ਪਾਈ । ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਪਰਾਲੀ ਨੂੰ ਖੇਤ ਵਿੱਚ ਵਾਹੁਣ ਸੰਬੰਧੀ ਜੋ ਖੋਜ ਸਿਫ਼ਾਰਸ਼ਾਂ ਕਿਸਾਨਾਂ ਨੂੰ ਕੀਤੀਆਂ ਉਹਨਾਂ ਦਾ ਸਿੱਟਾ ਹੈ ਕਿ ਜੈਵਿਕ ਤੱਤ ਵਧੇ ਹਨ । ਉਹਨਾਂ ਕਿਹਾ ਕਿ ਤੁਪਕਾ ਸਿੰਚਾਈ ਅਤੇ ਪਤਝੜੀ ਕਮਾਦ ਵਿੱਚ ਅੰਤਰ ਫ਼ਸਲਾਂ ਦੀ ਕਾਸ਼ਤ ਦੀ ਸਿਫ਼ਾਰਸ਼ ਕਰਕੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ । ਝੋਨੇ ਦੀ ਸਿੱਧੀ ਬਿਜਾਈ ਲਈ ਪਰਮਲ ਅਤੇ ਬਾਸਮਤੀ ਦੀਆਂ ਢੁੱਕਵੀਆਂ ਕਿਸਮਾਂ ਦਾ ਜ਼ਿਕਰ ਕਰਦਿਆਂ ਡਾ. ਪੰਨੂ ਨੇ ਖਾਦ ਸੰਬੰਧੀ ਸਿਫ਼ਾਰਸ਼ਾਂ ਬਾਰੇ ਵੀ ਦੱਸਿਆ । ਕਿੰਨੂ ਅਤੇ ਲੀਚੀ ਦੇ ਬਾਗਾਂ ਵਿੱਚ ਪਾਣੀ ਦੀ ਸੰਭਾਲ ਅਤੇ ਢੁੱਕਵੀਂ ਖਾਦ ਵਰਤੋਂ ਬਾਰੇ ਵੀ ਸਿਫ਼ਾਰਸ਼ਾਂ ਡਾ. ਪੰਨੂ ਨੇ ਕਿਸਾਨਾਂ ਸਾਹਮਣੇ ਰੱਖੀਆਂ ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਵਰਕਸ਼ਾਪ ਵਿੱਚ ਸ਼ਾਮਿਲ ਹੋਏ ਅਧਿਕਾਰੀਆਂ ਅਤੇ ਮਾਹਿਰਾਂ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਕਿ ਪੰਜਾਬ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਇਹ ਵਰਕਸ਼ਾਪ ਬੇਹੱਦ ਅਹਿਮ ਸਾਬਿਤ ਹੋਵੇਗੀ ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਵਰਕਸ਼ਾਪ ਦਾ ਸੰਚਾਲਨ ਬਾਖੂਬੀ ਕੀਤਾ । ਉਹਨਾਂ ਨੇ ਹੀ ਆਰੰਭਕ ਸੈਸ਼ਨ ਵਿੱਚ ਧੰਨਵਾਦ ਦੇ ਸ਼ਬਦ ਕਹੇ ।

ਵਰਕਸ਼ਾਪ ਦੌਰਾਨ ਤਕਨੀਕੀ ਸੈਸ਼ਨ ਵੀ ਕਰਵਾਏ ਗਏ । ਪਹਿਲੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਮੁੱਖ ਭੂਮੀ ਸੰਭਾਲ ਅਧਿਕਾਰੀ ਸ੍ਰੀ ਅਰਵਿੰਦਰ ਸਿੰਘ ਨੇ ਕੀਤੀ । ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਵਰਕਸ਼ਾਪ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ। ਤਕਨੀਕੀ ਸੈਸ਼ਨਾਂ ਵਿੱਚ ਮਾਹਿਰਾਂ ਨੇ ਵਿਸ਼ੇ ਨਾਲ ਸੰਬੰਧਤ ਸਰੋਕਾਰਾਂ ਤੇ ਚਰਚਾ ਕੀਤੀ। ਧਰਤੀ ਹੇਠਲੇ ਪਾਣੀ ਦਾ ਪੱਧਰ, ਸਬਜ਼ੀਆਂ ਅਤੇ ਫਲਾਂ ਲਈ ਤੁਪਕਾ ਸਿੰਚਾਈ, ਖੇਤ ਫ਼ਸਲਾਂ ਲਈ ਪਾਣੀ ਬਚਾਉ ਤਕਨੀਕਾਂ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੀ ਰੀਚਾਰਜਿੰਗ ਤੋਂ ਬਿਨਾਂ ਪੰਜਾਬ ਦੇ ਕੰਢੀ ਖੇਤਰ ਵਿੱਚ ਮਿੱਟੀ ਅਤੇ ਪਾਣੀ ਦੀ ਸੰਭਾਲ ਦੀਆਂ ਨੀਤੀਆਂ ਆਦਿ ਵਿਸ਼ਿਆਂ ਬਾਰੇ ਮਾਹਿਰਾਂ ਨੇ ਨਿੱਠ ਕੇ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਸਿੰਚਾਈ ਲਈ ਲੂਣੇ ਪਾਣੀਆਂ ਦੀ ਵਰਤੋਂ ਦੇ ਨਾਲ-ਨਾਲ ਭੂਮੀ ਅਤੇ ਪਾਣੀ ਦੇ ਸੰਭਾਲ ਦੀ ਮਸ਼ੀਨਰੀ ਸੰਬੰਧੀ ਵੀ ਵਿਸਥਾਰ ਨਾਲ ਚਰਚਾ ਹੋਈ।

Share This Article
Leave a Comment