ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 24 ਦਿਨਾਂ ਵਿਚ ਫਾਜ਼ਿਲਕਾ ਜ਼ਿਲ੍ਹੇ ‘ਚ 123 ਤਸਕਰ ਕਾਬੂ

Global Team
3 Min Read

ਫਾਜ਼ਿਲਕਾ, 25 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆ ਦੇ ਵਿਰੁੱਧ ਮੁਹਿੰਮ ਤਹਿਤ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਇਕ ਫੈਸਲਾਕੁੰਨ ਕਾਰਵਾਈ ਆਰੰਭੀ ਗਈ ਹੈ। ਪਿੱਛਲੇ 24 ਦਿਨ ਵਿਚ ਹੀ ਫਾਜ਼ਿਲਕਾ ਜ਼ਿਲ੍ਹੇ ਵਿਚ 123 ਨਸ਼ਾ ਤਸਕਰ ਕਾਬੂ ਕੀਤੇ ਗਏ ਹਨ। ਇਹ ਜਾਣਕਾਰੀ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸਵਪਨ ਸ਼ਰਮਾ ਆਈਪੀਐਸ ਨੇ ਅੱਜ ਇੱਥੇ ਦਿੱਤੀ ਹੈ।

ਉਹ ਜਿਲ੍ਹਾ ਫਾਜ਼ਿਲਕਾ ਦਾ ਦੇ ਦੌਰੇ ਤੇ ਸਨ। ਇੱਥੇ ਪੁੱਜਣ ਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਵੀ ਦਿੱਤੀ। ਇਸ ਦੌਰਾਨ ਉਹਨਾਂ ਵੱਲੋਂ ਐਸ.ਐਸ.ਪੀ ਫਾਜ਼ਿਲਕਾ ਸਮੇਤ ਫਾਜ਼ਿਲਕਾ ਪੁਲਿਸ ਦੇ ਸਮੂਹ ਅਧਿਕਾਰੀਆਂ ਅਤੇ ਥਾਣਾ ਮੁੱਖੀਆਂ ਨਾਲ ਨਾਲ ਕ੍ਰਾਈਮ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਹਨਾਂ ਨੂੰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ, ਪੈਂਡਿੰਗ ਕੇਸਾਂ ਨੂੰ ਜਲਦ ਨਿਪਟਾਉਣ ਅਤੇ ਲੋਕ ਮਸਲਿਆਂ ਨੂੰ ਤਰਜੀਹ ਦੇਣ ਅਤੇ ਪੁਲਿਸਿੰਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।

ਇਸ ਮੌਕੇ ਡੀਆਈਜੀ ਸਵਪਨ ਸ਼ਰਮਾ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਿਤੀ 1 ਤੋਂ 24 ਮਾਰਚ ਤੱਕ ਨਸ਼ਾ ਤਸਕਰਾਂ ਖਿਲਾਫ ਜ਼ਿਲ੍ਹੇ ਵਿਚ ਵੱਡੇ ਪੱਧਰ ਤੇ ਕਾਰਵਾਈਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਨਸ਼ਾ ਤਸਕਰਾਂ ਖਿਲਾਫ ਕੁੱਲ ਦਰਜ ਕੇਸ 87 ਹਨ ਜਦ ਕਿ 123 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਥੋੜੇ ਸਮੇਂ ਦੌਰਾਨ ਇੰਨ੍ਹਾਂ ਤਸਕਰਾਂ ਤੋਂ ਹੈਰੋਇਨ 2.435 ਕਿਲੋ, ਪ੍ਰੇਗਾ ਕੈਪਸੂਲ 576935, ਨਸ਼ੀਲੀਆਂ ਗੋਲੀਆਂ 24279, ਪੋਸਤ 7.500 ਕਿਲੋਗ੍ਰਾਮ ਅਤੇ ਡਰੱਗ ਮਨੀ 54000 ਰੁਪਏ ਬਰਾਮਦ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਨਸ਼ੇ ਤਸਕਰੀ ਵਿਚ ਲੱਗੇ ਲੋਕਾਂ ਦੇ ਘਰਾਂ ਤੇ ਵੀ ਬੁਲਡੋਜਰ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਪੁਲਿਸ ਕੌਮਾਂਤਰੀ ਸਰਹੱਦ ਦੇ ਨਾਲ ਦੂਜੀ ਸੁਰੱਖਿਆ ਪੰਕਤੀ ਵਜੋਂ ਕੰਮ ਕਰਦੀ ਹੈ ਅਤੇ ਹੁਣ ਜਲਦ ਜਦ ਪੁਲਿਸ ਨੂੰ ਐਂਟੀ ਡਰੋਨ ਸਿਸਟਮ ਮਿਲੇਗਾ ਤਾਂ ਪੁਲਿਸ ਦੀ ਕਾਰਜਕੁਸ਼ਲਤਾ ਅਤੇ ਸਮਰੱਥਾਵਾਂ ਵਿਚ ਹੋਰ ਵਾਧਾ ਹੋਵੇਗਾ ਅਤੇ ਨਸ਼ਾ ਤਸਕਰੀ ਨੂੰ ਸਖ਼ਤੀ ਨਾਲ ਬੰਦ ਕੀਤਾ ਜਾਵੇਗਾ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸਿਆ ਨਹੀਂ ਜਾਵੇਗਾ ਅਤੇ ਹੁਣ ਉਨ੍ਹਾਂ ਲਈ ਇਕੋ ਥਾਂ ਜੇਲ੍ਹ ਹੀ ਹੋਵੇਗੀ।

 

Share This Article
Leave a Comment