ਵਲਾਦੀਮੀਰ ਪੁਤਿਨ ਬ੍ਰਿਕਸ (BRICS) ਸੰਮੇਲਨ ਲਈ ਪਹੁੰਚੇ ਭਾਰਤ, ਸ਼ੀ ਜਿਨਪਿੰਗ ਦੇ ਵੀ ਜਲਦੀ ਪਹੁੰਚਣ ਦੀ ਉਮੀਦ

Global Team
3 Min Read

ਨਵੀਂ ਦਿੱਲੀ:: ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ (BRICS) ਸੰਮੇਲਨ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਬ੍ਰਿਕਸ ਦੇ 11 ਮੈਂਬਰ ਦੇਸ਼ਾਂ ਤੋਂ ਇਲਾਵਾ 12 ਹੋਰ ਦੇਸ਼ਾਂ ਨੂੰ ਵੀ ਇਸ ਸੰਮੇਲਨ ਲਈ ਸੱਦਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਨੁਮਾਇੰਦੇ ਇਸ ਸਮਾਗਮ ਲਈ ਦਿੱਲੀ ਪਹੁੰਚ ਰਹੇ ਹਨ। ਹੁਣ ਦੁਨੀਆ ਭਰ ਦੀਆਂ ਨਜ਼ਰਾਂ ਦਿੱਲੀ ‘ਤੇ ਟਿਕੀਆਂ ਹੋਈਆਂ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰਾਜਧਾਨੀ ਪਹੁੰਚ ਚੁੱਕੇ ਹਨ; ਉਨ੍ਹਾਂ ਦਾ ਜਹਾਜ਼ ਅੱਜ ਸਵੇਰੇ ਕਰੀਬ 3:00 ਵਜੇ ਪਾਲਮ ਏਅਰ ਫੋਰਸ ਸਟੇਸ਼ਨ ‘ਤੇ ਉਤਰਿਆ। ਪੁਤਿਨ ਬ੍ਰਿਕਸ (BRICS) ਸੰਮੇਲਨ ਲਈ ਭਾਰਤ ਪਹੁੰਚ ਚੁੱਕੇ ਹਨ, ਪਰ ਇਸ ਤੋਂ ਪਹਿਲਾਂ ਅੱਜ, 11 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਵਿਚਕਾਰ ਇੱਕ ਅਹਿਮ ਮੁਲਾਕਾਤ ਅਤੇ ਗੱਲਬਾਤ ਹੋਣੀ ਤੈਅ ਹੈ।

ਰੂਸੀ ਰਾਸ਼ਟਰਪਤੀ ਭਵਨ ਕ੍ਰੈਮਲਿਨ ਦੇ ਸੀਨੀਅਰ ਅਧਿਕਾਰੀ ਯੂਰੀ ਉਸ਼ਾਕੋਵ ਨੇ ਦੱਸਿਆ ਸੀ ਕਿ ਸ਼ੁੱਕਰਵਾਰ (ਅੱਜ) ਰਾਸ਼ਟਰਪਤੀ ਪੁਤਿਨ ਸਾਲਾਨਾ ਬ੍ਰਿਕਸ ਬਿਜ਼ਨਸ ਫ਼ੋਰਮ ਦੇ ਪੂਰਨ ਸੈਸ਼ਨ (ਪਲੇਨਰੀ ਸੈਸ਼ਨ) ਨੂੰ ਸੰਬੋਧਨ ਕਰਨਗੇ। ਇਹ ਸੈਸ਼ਨ ਰਵਾਇਤੀ ਤੌਰ ‘ਤੇ ਮੁੱਖ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਕਰਵਾਇਆ ਜਾਂਦਾ ਹੈ ਅਤੇ ਇਹ ਬ੍ਰਿਕਸ ਮੈਂਬਰ ਮੁਲਕਾਂ ਦੇ ਵਪਾਰਕ ਨੁਮਾਇੰਦਿਆਂ ਵਿਚਾਲੇ ਆਪਸੀ ਗੱਲਬਾਤ ਅਤੇ ਸਹਿਯੋਗ ਵਧਾਉਣ ਦਾ ਪ੍ਰਮੁੱਖ ਮੰਚ ਹੈ।

ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ 18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਿਲ ਹੋਣ ਪੁੱਜੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੀ ਧਰਤੀ ‘ਤੇ ਨਿੱਘਾ ਸਵਾਗਤ ਹੈ। ਦਿੱਲੀ ਦੇ ਪਾਲਮ ਏਅਰਪੋਰਟ ‘ਤੇ ਕੇਂਦਰੀ ਰਾਜ ਮੰਤਰੀ ਅਤੇ ਗੋਂਡਾ ਤੋਂ ਸੰਸਦ ਮੈਂਬਰ ਕੇ.ਵੀ. ਸਿੰਘ ਨੇ ਉਨ੍ਹਾਂ ਦੀ ਅਗਵਾਈ ਕਰਦਿਆਂ ਰਸਮੀ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਅਨੁਸਾਰ ਭਾਰਤ ਅਤੇ ਰੂਸ ਵਿਚਾਲੇ ਬਹੁ-ਪੱਖੀ ਅਤੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਇਤਿਹਾਸਕ ਸਬੰਧ ਹਨ, ਜੋ ਕਿ ‘ਵਿਸ਼ੇਸ਼ ਅਤੇ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ’ ਦੀ ਮਜ਼ਬੂਤ ਨੀਂਹ ‘ਤੇ ਆਧਾਰਿਤ ਹਨ। ਯੂਰੀ ਉਸ਼ਾਕੋਵ ਨੇ ਦੱਸਿਆ ਕਿ ਅੱਜ ਹੀ ਰੂਸੀ ਰਾਸ਼ਟਰਪਤੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਦੁਵੱਲੀ ਬੈਠਕ ਹੋਵੇਗੀ। ਇਸ ਤੋਂ ਇਲਾਵਾ ਦੋਵੇਂ ਆਗੂ ਦੋਵਾਂ ਦੇਸ਼ਾਂ ਦੇ ਉਦਯੋਗ ਅਤੇ ਵਪਾਰ ਮੰਤਰਾਲਿਆਂ ਵੱਲੋਂ ਸਾਂਝੇ ਤੌਰ ‘ਤੇ ਲਗਾਈ ਗਈ ‘ਇਨੋਪ੍ਰੋਮ ਇੰਡੀਆ ਪ੍ਰਦਰਸ਼ਨੀ’ ਦਾ ਦੌਰਾ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਸੰਮੇਲਨ ਦਾ ਮੁੱਖ ਪ੍ਰੋਗਰਾਮ 12 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਬ੍ਰਿਕਸ ਮੁਲਕਾਂ ਦੇ ਸਿਖ਼ਰਲੇ ਆਗੂਆਂ ਦੀ ਸਾਂਝੀ ਬੈਠਕ ਹੋਵੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment