ਵਾਸ਼ਿੰਗਟਨ : ਅਮਰੀਕਾ ਵਿਚ ਜਨਮੇ ਬੱਚਿਆਂ ਦੇ ਭਾਰਤੀ ਮਾਪੇ ਬੁਰੀ ਤਰ੍ਹਾਂ ਗਏ ਹਨ। ਭਾਰਤੀ ਨਾਗਰਿਕਾਂ ਦੇ ਬੱਚੇ ਯੂ.ਐਸ. ਸਿਟੀਜ਼ਨ ਹੋਣ ਕਾਰਨ ਇਨ੍ਹਾਂ ਨੂੰ ਅਮਰੀਕਾ ਤੋਂ ਭਾਰਤ ਆ ਰਹੀਆਂ ਵਿਸ਼ੇਸ਼ ਫ਼ਲਾਈਟਸ ਵਿਚ ਸਵਾਰ ਹੋਣ ਤੋਂ ਰੋਕ ਦਿਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਪਿਛਲੇ ਹਫ਼ਤੇ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਅਤੇ ਓ.ਸੀ.ਆਈ. ਕਾਰਡ ਰੱਦ ਕਰ ਦਿੱਤੇ ਗਏ ਸਨ ਜਦਕਿ ਓ.ਸੀ.ਆਈ. ਕਾਰਡ ਹੀ ਭਾਰਤੀ ਮੂਲ ਦੇ ਲੋਕਾਂ ਨੂੰ ਵੀਜ਼ਾ ਮੁਕਤ ਸਫ਼ਰ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਅਮਰੀਕਾ ਤੋਂ ਭਾਰਤ ਆਉਣ ਦੇ ਚਾਹਵਾਨ ਭਾਰਤੀਆਂ ਲਈ ਵਿਸ਼ੇਸ਼ ਉਡਾਣਾਂ ਤਾਂ ਚਲ ਰਹੀਆਂ ਹਨ ਪਰ ਐਚ-1ਬੀ ਵਰਕ ਵੀਜ਼ਾ ਜਾਂ ਗਰੀਨ ਕਾਰਡ ਵਾਲੇ ਭਾਰਤੀਆਂ ਨੂੰ ਵਾਪਸੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿਉਂਕਿ ਇਨ੍ਹਾਂ ਦੇ ਬੱਚੇ ਯੂ.ਐਸ. ਸਿਟੀਜ਼ਨ ਹਨ ਅਤੇ ਉਨ੍ਹਾਂ ਦੀ ਵੀਜ਼ੇ ਜਾਂ ਓ ਸੀ.ਆਈ. ਕਾਰਡ ਰੱਦ ਕੀਤੇ ਜਾ ਚੁੱਕੇ ਹਨ।
ਮਿਸਾਲ ਵਜੋਂ ਨਿਊ ਜਰਸੀ ਦੇ ਇਕ ਪੰਜਾਬੀ ਪਰਵਾਰ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ। ਇਕ ਤਾਂ ਕਰਨਾ ਵਾਇਰਸ ਕਾਰਨ ਰੁਜ਼ਗਾਰ ਖੁੱਸ ਗਿਆ, ਦੂਜਾ ਅਮਰੀਕਾ ਸਰਕਾਰ ਵੱਲੋਂ ਉਨ੍ਹਾਂ ਨੂੰ 60 ਦਿਨ ਦੇ ਅੰਦਰ ਭਾਰਤ ਵਾਪਸੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਪੰਜਾਬੀ ਜੋੜੇ ਦੇ ਦੋ ਬੱਚੇ ਹਨ ਜਿਨ੍ਹਾਂ ਦੀ ਉਮਰ ਇਕ ਸਾਲ ਅਤੇ ਛੇ ਸਾਲ ਹੈ। ਦੋਵੇਂ ਅਮਰੀਕਾ ਵਿਚ ਪੈਦਾ ਹੋਏ ਅਤੇ ਇਥੋਂ ਦੇ ਨਾਗਰਿਕ ਹਨ ਪਰ ਮਾਪਿਆਂ ਕੋਲ ਭਾਰਤੀ ਨਾਗਰਿਕਾ ਹੈ। ਜਦੋਂ ਇਹ ਪੰਜਾਬੀ ਪਰਿਵਾਰ, ਇੰਡੀਆ ਜਾਣ ਲਈ ਟਿਕਟਾਂ ਲੈਣ ਗਿਆ ਤਾਂ ਬੱਚਿਆਂ ਦੀ ਟਿਕਟ ਦੇਣ ਤੋਂ ਨਾਂਹ ਕਰ ਦਿਤੀ ਗਈ।
ਏਅਰ ਇੰਡੀਆ ਅਤੇ ਨਿਊ ਯਾਰਕ ਸਥਿਤ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਮਾਪਿਆਂ ਨੂੰ ਸਮਝਾਇਆ ਕਿ ਤੁਹਾਡੀ ਵਾਪਸੀ ਦੇ ਰਾਹ ਵਿਚ ਕੋਈ ਅੜਿੱਕਾ ਨਹੀਂ ਪਰ ਭਾਰਤ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਤੁਹਾਡੇ ਬੱਚਿਆਂ ਨੂੰ ਲਿਜਾਣਾ ਸੰਭਵ ਨਹੀਂ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨੁੱਖਤਾ ਦੇ ਆਧਾਰ ‘ਤੇ ਨਵੇਂ ਦਿਸ਼ਾ-ਨਿਰਦੇਸ਼ਾਂ ਉਪਰ ਮੁੜ ਵਿਚਾਰ ਕੀਤਾ ਜਾਵੇ। ਹੁਣ ਉਹ ਪੰਜਾਬੀ ਪਰਿਵਾਰ ਆਪਣਾ ਵੀਜ਼ਾ ਵਧਾਉਣ ਲਈ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨਾਲ ਸੰਪਰਕ ਕਰ ਰਿਹਾ ਹੈ।