ਨਵੀਂ ਦਿੱਲੀ : ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ‘ਚ ਭਾਰਤੀ ਸੈਨਾ ਦੇ 20 ਜਵਾਨ ਸ਼ਹੀਦ ਹੋਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੁਪਿਹਰ ‘ਚ ਇੱਕ ਅਫਸਰ ਅਤੇ ਦੋ ਜਵਾਨਾਂ ਦੇ ਸ਼ਹੀਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ ਪਰ ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਝੜਪ ‘ਚ ਫੌਜ ਦੇ 20 ਜਵਾਨ ਸ਼ਹੀਦ ਹੋਏ ਹਨ। ਇਸ ਝੜਪ ‘ਚ ਚੀਨ ਦੇ 43 ਸੈਨਿਕ ਵੀ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ। ਇਸ ‘ਚ ਮ੍ਰਿਤਕ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਚੀਨੀ ਸੈਨਿਕ ਸ਼ਾਮਲ ਹਨ।
ਇਸ ਘਟਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ‘ਚ ਚੀਨੀ ਸਰਹੱਦ ਦੇ ਨਾਲ ਲਗਦੇ ਖੇਤਰਾਂ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਚੀਨ ਦੀ ਸਰਹੱਦ ‘ਤੇ 45 ਸਾਲਾਂ ਬਾਅਦ ਇਹ ਪਹਿਲੀ ਅਜਿਹੀ ਘਟਨਾ ਹੈ। ਇਸ ਤੋਂ ਪਹਿਲਾਂ 1975 ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਤੁਲੰਗ ਲਾ ਵਿੱਚ ਇੱਕ ਹਿੰਸਕ ਝੜਪ ਦੌਰਾਨ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ।
LAC ‘ਤੇ ਹੋਈ ਇਸ ਝੜਪ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ ਆਫ ਡਿਫੈਂਸ ਸਟਾਫ, ਜਨਰਲ ਬਿਪਿਨ ਰਾਵਤ ਅਤੇ ਫੌਜ ਪ੍ਰਮੁੱਖ ਜਨਰਲ ਐੱਮ.ਐੱਮ. ਨਰਵਣੇ ਨਾਲ ਬੈਠਕ ਕੀਤੀ। ਰੱਖਿਆ ਮੰਤਰੀ ਨੇ ਇਸ ਮਾਮਲੇ ਦੀ ਜਾਣਕਾਰੀ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ‘ਤੇ ਦਿੱਤੀ।
ਦੱਸ ਦਈਏ ਕਿ ਭਾਰਤ ਅਤੇ ਚੀਨੀ ਸੈਨਾ ਵਿਚਕਾਰ ਪੂਰਬੀ ਲੱਦਾਖ ‘ਚ ਪੈਨਗੋਂਗ ਝੀਲ, ਗਲਵਾਨ ਘਾਟੀ ਡੈਮਚੋਕ ਅਤੇ ਦੌਲਤਬੇਗ ਓਲਡੀ ‘ਚ ਦੋਵਾਂ ਫੌਜਾਂ ਦਰਮਿਆਨ ਤਣਾਅ ਚੱਲ ਰਿਹਾ ਹੈ। ਵੱਡੀ ਗਿਣਤੀ ਵਿਚ ਚੀਨੀ ਫੌਜਾਂ ਨੇ ਅਸਲ ਸਰਹੱਦ ‘ਤੇ ਪੈਨਗੋਂਗ ਝੀਲ ਸਮੇਤ ਕਈ ਭਾਰਤੀ ਖੇਤਰਾਂ ਵਿਚ ਦਾਖਲ ਹੋ ਗਏ ਸਨ। ਭਾਰਤ ਨੇ ਇਸ ਦਾ ਸਖਤ ਵਿਰੋਧ ਕੀਤਾ ਅਤੇ ਚੀਨੀ ਸੈਨਿਕਾਂ ਨੂੰ ਖੇਤਰ ਵਿਚ ਸ਼ਾਂਤੀ ਬਹਾਲ ਕਰਨ ਲਈ ਤੁਰੰਤ ਪਿੱਛੇ ਹਟਣ ਲਈ ਕਿਹਾ। ਜਿਸ ਦੇ ਚੱਲਦਿਆਂ ਇਸ ਵਿਵਾਦ ਨੂੰ ਸੁਲਝਾਉਣ ਲਈ ਪਿਛਲੇ ਕਈ ਦਿਨਾਂ ‘ਚ ਦੋਵਾਂ ਦੇਸ਼ਾਂ ਵਿਚਕਾਰ ਕਈ ਵਾਰ ਗੱਲਬਾਤ ਹੋ ਚੁੱਕੀ ਹੈ।