ਵਿਜੇ ਸਿੰਗਲਾ ਨੂੰ ਮੋਹਾਲੀ ਪੁਲਿਸ ਦੀ ਕਲੀਨ ਚਿੱਟ, ਭ੍ਰਿਸ਼ਟਾਚਾਰ ਮਾਮਲੇ ‘ਚ ਕਲੋਜ਼ਰ ਰਿਪੋਰਟ

Global Team
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸਿਹਤ ਮੰਤਰੀ ਅਤੇ ਮੌਜੂਦਾ ਵਿਧਾਇਕ ਵਿਜੇ ਸਿੰਗਲਾ ਅਤੇ ਉਨ੍ਹਾਂ ਦੇ ਓਐਸਡੀ ਪ੍ਰਦੀਪ ਕੁਮਾਰ ‘ਤੇ 1% ਕਮਿਸ਼ਨ ਮੰਗਣ ਦੇ ਦੋਸ਼ ਸਬੰਧੀ ਥਾਣਾ ਫੇਜ਼-8, ਮੋਹਾਲੀ ਵਿੱਚ ਭ੍ਰਿਸ਼ਟਾਚਾਰ ਨਿਰੋਧਕ ਐਕਟ ਦੀਆਂ ਧਾਰਾਵਾਂ 7 ਅਤੇ 8 ਅਧੀਨ ਦਰਜ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦਿੰਦਿਆਂ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਖ਼ਲ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਰਜਿੰਦਰ ਸਿੰਘ ਨੇ ਇਸ ਕਲੋਜ਼ਰ ਰਿਪੋਰਟ ‘ਤੇ ਸਹਿਮਤੀ ਜਤਾਈ ਅਤੇ ਕਿਹਾ ਕਿ ਜੇ ਅਦਾਲਤ ਇਸ ਨੂੰ ਸਵੀਕਾਰ ਕਰ ਲੈਂਦੀ ਹੈ, ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ। ਅਦਾਲਤ ਨੇ ਇਸ ਰਿਪੋਰਟ ‘ਤੇ ਫੈਸਲਾ 14 ਜੁਲਾਈ 2025 ਲਈ ਰਾਖਵਾਂ ਰੱਖਿਆ ਹੈ। ਪ੍ਰਦੀਪ ਕੁਮਾਰ ਦੀ ਸ਼ਮੂਲੀਅਤ ਦੀ ਜਾਂਚ ਜਾਰੀ ਹੈ, ਕਿਉਂਕਿ ਉਸ ਖ਼ਿਲਾਫ਼ ਪਹਿਲਾਂ ਹੀ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ।

ਸ਼ਿਕਾਇਤ ਦਾ ਵੇਰਵਾ
ਰਜਿੰਦਰ ਸਿੰਘ, ਜੋ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਫੇਜ਼-8 ਵਿੱਚ ਡੈਪੂਟੇਸ਼ਨ ‘ਤੇ ਇੰਜੀਨੀਅਰ ਵਜੋਂ ਕੰਮ ਕਰਦੇ ਹਨ, ਨੇ ਸ਼ਿਕਾਇਤ ਵਿੱਚ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਉਸ ਨੂੰ ਵਿਜੇ ਸਿੰਗਲਾ ਦੇ ਓਐਸਡੀ ਪ੍ਰਦੀਪ ਕੁਮਾਰ ਨੇ ਪੰਜਾਬ ਭਵਨ ਬੁਲਾਇਆ। ਵਿਜੇ ਸਿੰਗਲਾ ਨੇ ਕਿਹਾ ਕਿ ਉਹ ਜਲਦੀ ਵਿੱਚ ਹਨ ਅਤੇ ਪ੍ਰਦੀਪ ਕੁਮਾਰ ਉਸ ਨਾਲ ਗੱਲ ਕਰੇਗਾ। ਪ੍ਰਦੀਪ ਨੇ ਦੱਸਿਆ ਕਿ 41 ਕਰੋੜ ਰੁਪਏ ਦੇ ਨਿਰਮਾਣ ਕੰਮਾਂ ਦੀਆਂ ਅਲਾਟਮੈਂਟਾਂ ਅਤੇ ਮਾਰਚ ਵਿੱਚ 17 ਕਰੋੜ ਰੁਪਏ ਦੀ ਠੇਕੇਦਾਰਾਂ ਨੂੰ ਅਦਾਇਗੀ ਕੀਤੀ ਗਈ। ਕੁੱਲ 58 ਕਰੋੜ ਰੁਪਏ ਦੀ ਰਕਮ ਦਾ 2% ਕਮਿਸ਼ਨ, ਯਾਨੀ 1.16 ਕਰੋੜ ਰੁਪਏ, ਰਿਸ਼ਵਤ ਵਜੋਂ ਮੰਗਿਆ ਗਿਆ।

ਰਜਿੰਦਰ ਸਿੰਘ ਨੇ ਇਨਕਾਰ ਕਰਦਿਆਂ ਕਿਹਾ ਕਿ ਉਹ ਅਜਿਹਾ ਨਹੀਂ ਕਰ ਸਕਦਾ ਅਤੇ ਉਸ ਨੂੰ ਆਪਣੇ ਮਹਿਕਮੇ ਵਿੱਚ ਵਾਪਸ ਭੇਜ ਦਿੱਤਾ ਜਾਵੇ। ਇਸ ਤੋਂ ਬਾਅਦ, ਪ੍ਰਦੀਪ ਕੁਮਾਰ ਨੇ ਵਟਸਐਪ ਕਾਲਾਂ ਰਾਹੀਂ ਲਗਾਤਾਰ ਰਿਸ਼ਵਤ ਦੀ ਮੰਗ ਕੀਤੀ ਅਤੇ ਕਰੀਅਰ ਖ਼ਰਾਬ ਕਰਨ ਦੀ ਧਮਕੀ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ 30 ਨਵੰਬਰ 2022 ਨੂੰ ਰਿਟਾਇਰਮੈਂਟ ਸੀ, ਇਸ ਲਈ ਉਸ ਦਾ ਭਵਿੱਖ ਖ਼ਰਾਬ ਨਾ ਕੀਤਾ ਜਾਵੇ।

20 ਮਈ ਨੂੰ ਪ੍ਰਦੀਪ ਕੁਮਾਰ ਨੇ 10 ਲੱਖ ਰੁਪਏ ਅਤੇ ਅੱਗੇ ਤੋਂ ਹਰ ਅਲਾਟਮੈਂਟ ਜਾਂ ਅਦਾਇਗੀ ਦਾ 1% ਕਮਿਸ਼ਨ ਮੰਗਿਆ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦੇ ਖਾਤੇ ਵਿੱਚ ਸਿਰਫ਼ 2.5 ਲੱਖ ਰੁਪਏ ਹਨ ਅਤੇ ਮਾਨਸਿਕ ਪਰੇਸ਼ਾਨੀ ਤੋਂ ਬਚਣ ਲਈ ਉਹ 5 ਲੱਖ ਰੁਪਏ ਦੇ ਸਕਦਾ ਹੈ। 23 ਮਈ ਨੂੰ ਪ੍ਰਦੀਪ ਨੇ ਸਿਵਲ ਸਕੱਤਰੇਤ ਬੁਲਾਇਆ, ਜਿੱਥੇ ਸਿੰਗਲਾ ਅਤੇ ਓਐਸਡੀ ਨੂੰ ਮਿਲਣ ਤੋਂ ਬਾਅਦ ਸ਼ਿਕਾਇਤਕਰਤਾ ਨੇ 5 ਲੱਖ ਰੁਪਏ ਦੀ ਰਿਸ਼ਵਤ ਦੀ ਗੱਲ ਦੀ ਰਿਕਾਰਡਿੰਗ ਕਰ ਲਈ। ਇਸ ਮਾਮਲੇ ਵਿੱਚ ਪ੍ਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Share This Article
Leave a Comment