ਰਿਸ਼ਵਤ ਮੰਗਣ ਵਾਲਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Prabhjot Kaur
2 Min Read

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਥਾਣਾ ਸਮਰਾਲਾ ਵਿਖੇ ਤਾਇਨਾਤ ਰਿਹਾ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਸਿਕੰਦਰ ਰਾਜ ਨੂੰ 18,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ ਜੋ ਹੁਣ ਥਾਣਾ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਿਖੇ ਪੁਲਿਸ ਵਿੱਚ ਤਾਇਨਾਤ ਹੈ।

ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਇਹ ਮੁਕੱਦਮਾ ਸੈਕਟਰ 32-ਏ, ਚੰਡੀਗੜ੍ਹ ਰੋਡ, ਲੁਧਿਆਣਾ ਦੇ ਵਸਨੀਕ ਰਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੇ ਬਿਆਨ ਦਰਜ ਕਰਵਾਏ ਸਨ ਕਿ 13 ਮਾਰਚ, 2021 ਨੂੰ ਉਸਦੇ ਡਰਾਈਵਰ ਰਾਜਦੀਪ ਸਿੰਘ ਵਾਸੀ ਖਡੂਰ ਸਾਹਿਬ, ਤਰਨਤਾਰਨ, ਜਿਲਾ ਤਰਨਤਾਰਨ, ਅਤੇ ਹੈਲਪਰ ਬਿਰਜੂ, ਵਾਸੀ ਸੰਜੇ ਗਾਂਧੀ ਕਲੋਨੀ, ਲੁਧਿਆਣਾ ਨੇੜੇ ਨੀਲੋਂ ਪੁਲ, ਸਮਰਾਲਾ ਵਿਖੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਸ ਦਿਨ ਥਾਣਾ ਸਮਰਾਲਾ ਤੋਂ ਏ.ਐਸ.ਆਈ. ਸਿਕੰਦਰ ਰਾਜ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ ‘ਤੇ ਪਹੁੰਚਿਆ ਅਤੇ ਦੋਵੇਂ ਵਾਹਨਾਂ ਨੂੰ ਥਾਣੇ ਲੈ ਗਏ।

ਇਸ ਤੋਂ ਬਾਅਦ ਏ.ਐਸ.ਆਈ. ਸਿਕੰਦਰ ਰਾਜ ਨੇ ਸ਼ਿਕਾਇਤਕਰਤਾ ਤੋਂ ਉਸਦੇ ਡਰਾਈਵਰ ਨੂੰ ਜ਼ਮਾਨਤ ਦਿਵਾਉਣ, ਉਸਦੀ ਗੱਡੀ ਵਿੱਚ ਲੱਦਿਆ ਸਮਾਨ ਛੱਡਣ ਅਤੇ ਉਸਦੇ ਡਰਾਈਵਰ ਖਿਲਾਫ ਦਰਜ ਹੋਏ ਹਾਦਸੇ ਦੇ ਕੇਸ ‘ਚੋਂ ਬਰੀ ਕਰਵਾਉਣ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਆਖਰਕਾਰ ਸੌਦਾ 18,000 ਰੁਪਏ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਉਕਤ ਪੁਲਿਸ ਮੁਲਾਜ਼ਮ ਵੱਲੋਂ ਰਿਸ਼ਵਤ ਦੀ ਮੰਗ ਸਬੰਧੀ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।

- Advertisement -

ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਅਤੇ ਦਰੁੱਸਤ ਪਾਏ ਗਏ ਹਨ। ਇਸ ਤੋਂ ਬਾਅਦ ਥਾਣਾ ਦੋਰਾਹਾ ਵਿਖੇ ਤਾਇਨਾਤ ਏਐਸਆਈ ਸਿਕੰਦਰ ਰਾਜ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਕਤ ਮੁਲਜ਼ਮ ਨੂੰ ਅੱਜ ਬਿਉਰੋ ਦੀ ਲੁਧਿਆਣਾ ਰੇਂਜ ਦੀ ਟੀਮ ਵੱਲੋਂ ਥਾਣਾ ਦੋਰਾਹਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਲਕੇ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Share this Article
Leave a comment