ਬੀਜਿੰਗ: ਚੀਨ ਵਿੱਚ ਲੌਕਡਾਊਨ ਦੌਰਾਨ ਘਰੇਲੂ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ ‘ਚ ਚੀਨ ‘ਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਨੂੰ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਚੀਨ ਦੇ ਸੋਸ਼ਲ ਮੀਡੀਆ ‘ਤੇ ਘਰੇਲੂ ਹਿੰਸਾ ਲਈ ਸਜ਼ਾ ਦਾ ਮਾਮਲਾ ਫਿਰ ਤੋਂ ਉੱਠਿਆ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਪ੍ਰਤੀਕਿਰਿਆ ਦੀ ਵੀ ਆਲੋਚਨਾ ਕੀਤੀ ਜਾ ਰਹੀ ਹੈ। ਪਿਛਲੇ ਹਫਤੇ ਚੀਨ ਦੇ ਉੱਤਰੀ-ਪੱਛਮੀ ਸ਼ਹਿਰ ਸ਼ਿਆਨ ‘ਚ ਕੋਰੋਨਾ ਕਾਰਨ ਲਾਕਡਾਊਨ ਲਗਾਇਆ ਹੋਇਆ ਹੈ। ਇਸ ਦੌਰਾਨ ਘਰ ‘ਚ ਲੱਗੇ ਸੀਸੀਟਵੀ ਕੈਮਰੇ ਦੀ ਵੀਡੀਓ ਵਿੱਚ ਇੱਕ ਵਿਅਕਤੀ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ।
ਹਫ਼ਤੇ ਦੇ ਅੰਤ ਵਿੱਚ, ਸ਼ਿਆਨ ਦੀ ਪੁਲਿਸ ਨੇ ਕਿਹਾ ਕਿ ਵੈਂਗ ਨਾਮਕ ਵਿਅਕਤੀ ਨੂੰ ਪੰਜ ਦਿਨਾਂ ਦੀ ਹਿਰਾਸਤ ਵਿੱਚ ਰੱਖਿਆ ਜਾਵੇਗਾ ਪਰ ਫਿਰ ਬਿਨਾਂ ਕਿਸੇ ਅਪਰਾਧਿਕ ਦੋਸ਼ਾਂ ਦੇ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ 2022: ਪਹਿਲੇ ਦਿਨ 12 ਨਾਮਜ਼ਦਗੀਆਂ ਹੋਈਆਂ ਦਾਖਲ
ਚੀਨ ‘ਚ 2016 ‘ਚ ਘਰੇਲੂ ਹਿੰਸਾ ਨਾਲ ਨਜਿੱਠਣ ਲਈ ਪਾਸ ਕੀਤੇ ਗਏ ਕਾਨੂੰਨ ਤਹਿਤ ਇਸ ਦੇ ਦੋਸ਼ੀ ਨੂੰ 20 ਦਿਨਾਂ ਤੱਕ ਪੁਲਿਸ ਹਿਰਾਸਤ ‘ਚ ਰੱਖਿਆ ਜਾ ਸਕਦਾ ਹੈ। ਸਖ਼ਤ ਸਜ਼ਾ ਉਦੋਂ ਹੀ ਦਿੱਤੀ ਜਾਂਦੀ ਹੈ ਜਦੋਂ ਗੰਭੀਰ ਸੱਟਾਂ ਲੱਗੀਆਂ ਹੋਣ ਜਾਂ ਅਪਰਾਧਿਕ ਇਰਾਦਾ ਸਾਬਤ ਹੋ ਜਾਵੇ।
ਵੀਡੀਓ ‘ਚ ਵਿਅਕਤੀ ਆਪਣੀ ਪਤਨੀ ਨੂੰ ਵਾਰ-ਵਾਰ ਕੁੱਟ ਰਿਹਾ ਹੈ ਜਦਕਿ ਬੱਚਾ ਦੂਰੋਂ ਇਹ ਸਭ ਦੇਖ ਰਿਹਾ ਹੈ। ਇਸ ਮਾਮਲੇ ਵਿੱਚ, ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਘਰੇਲੂ ਕੰਮਾਂ ਨੂੰ ਲੈ ਕੇ ਝਗੜਾ ਵਧ ਗਿਆ ਸੀ ।ਜਿਸ ਦੌਰਾਨ ਪਤਨੀ ਨੇ ਸਖਤ ਸ਼ਬਦਾਂ ਦੀ ਵਰਤੋ ਕੀਤੀ ਸੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਔਰਤ ਨੂੰ ਸਮਝਾ ਦਿਤਾ ਸੀ। ਪੁਲਿਸ ਦੇ ਇਸ ਬਿਆਨ ਦੀ ਸਖ਼ਤ ਆਲੋਚਨਾ ਹੋ ਰਹੀ ਹੈ।