ਬਿੰਦੂ ਸਿੰਘ
ਕਿਹਾ ਜਾਂਦਾ ਹੈ ਕਿ ਸੁਰਾਂ ਚ ਬਹੁਤ ਜਾਨ ਹੁੰਦੀ ਹੈ, ਕਿਹਾ ਜਾਂਦਾ ਹੈ ਕਿ ਸੰਗੀਤ ਮੌਸੀਕੀ ਇੱਕ ਅਜੇਹੀ ਕਲਾ ਹੈ ਜੋ ਕਿ ਮੁਰਦਿਆਂ ਚ ਵੀ ਜਾਨ ਪਾ ਦਿੰਦੀ ਹੈ। ਇਹ ਗੱਲ ਸੁਣਨ ਚ ਜ਼ਰੂਰ ਅਤਕੱਥਨੀ ਲੱਗ ਸਕਦੀ ਹੈ ਪਰ ਸੰਗੀਤ ਤੇ ਮੌਸੀਕੀ ਦਾ ਅਸਰ ਪੇੜ ਪੌਦਿਆਂ ਤੇ ਪਸ਼ੂਆਂ ਤੱਕ ਤੇ ਦੇਖਣ ਨੂੰ ਮਿਲਿਆ ਹੈ।
ਜ਼ਿੰਦਾਦਿਲੀ ਦੀ ਮਿਸਾਲ ਕਹਿ ਲਓ ਜਾਂ ਫੇਰ ਮੌਸੀਕੀ ਨਾਲ ਲਗਾਓ। ਰੂਸ ਤੇ ਯੂਕਰੇਨ ਦੀ ਜੰਗ ਲੱਗੇ 20 ਦਿਨ ਦਾ ਸਮਾਂ ਹੋ ਗਿਆ ਹੈ। ਜੰਗ ਦੇ ਹਾਲਾਤਾਂ ਵਿੱਚ ਵੀ ਇੱਕ ਟਿਕਟੌਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਯੂਕਰੇਨ ਦੀ ਇੱਕ ਮਹਿਲਾ Irina Maniukina (ਆਈਰਿਨਾਂ ਮਨੀਉਕੀਨਾ) ਆਪਣੀ ਪਿਆਨੋ ਤੇ ਪਈ ਮਿੱਟੀ ਤੇ ਤੇ ਸੁਆਹ ਇੱਕ ਬੁਰਸ਼ ਦੀ ਮਦਦ ਨਾਲ ਸਾਫ਼ ਕਰਦੀ ਦਿਖਾਈ ਦੇ ਰਹੀ ਹੈ, ਆਈਰਿਨਾਂ ਉਸ ਪਿਆਨੋ ਦੇ ਅੱਗੇ ਬੈਠ ਜਾਂਦੀ ਹੈ ਤੇ ਆਪਣੀ ਪਰਿਵਾਰਕ ਘਰ ਵਿੱਚ ‘ਆਖ਼ਰੀ ਵਾਰ’ ਮੌਸਿਕੀ ਦੀਆਂ ਧੁਨਾਂ ਛੇੜਨ ਦੀ ਕੋਸ਼ਿਸ਼ ਕਰਦੀ ਹੈ।
ਇਹ ਟਿਕਟੌਕ ਵੀਡੀਓ ਆਈਰਿਨਾਂ ਦੀ ਬੈਟੀ ਕਰੀਨਾ ਨੇ ਫਿਲਮਾਈ ਹੈ।ਇਕ ਲੰਮੀ ਸਾਹ ਲੈਣ ਤੋਂ ਬਾਅਦ 48 ਵਰ੍ਹੇ ਦੀ ਆਈਰਿਨਾਂ, ਜੋ ਕਿ ਦੋ ਬੱਚਿਆਂ ਦੀ ਮਾਂ ਹੈ, ‘Chopin’s Etude Op.25, No 1(Aeolian Harp) ਦੀ ਧੁਨ ਵਜਾਉਣਾ ਸ਼ੁਰੂ ਕਰਦੀ ਹੈ। ਵੀਡੀਓ ਵਿੱਚ ਜਿਵੇਂ ਜਿਵੇਂ ਪਿਆਨੋ ਤੇ ਬੈਠੀ ਔਰਤ ਕੀਬੋਰਡ ਤੇ ਉਂਗਲੀਆਂ ਦੀ ਸਹਾਇਤਾ ਨਾਲ ਪਿਆਨੋ ਦੀ ਧੁਨ ਵਜਾ ਰਹੀ ਹੈ ਤੇ ਉਸ ਸਮੇਂ ਕੈਮਰਾ ਘਰ ਦੇ ਟੁੱਟੇ ਸ਼ੀਸ਼ੇ, ਟੁੱਟਾ ਫਰਨੀਚਰ, ਉੱਖੜੇ ਹੋਏ ਦਰਵਾਜ਼ੇ ਤੇ ਖਿੜਕੀਆਂ , ਮਲਬਾ ਦੇ ਦ੍ਰਿਸ਼ ਨੂੰ ਵਿਖਾ ਰਿਹਾ ਹੈ।
ਆਈਰਿਨਾਂ ਦੇ ਘਰ ਦੀ ਇਹ ਹਾਲਤ ਇਸ ਲਈ ਹੋਈ ਹੈ ਕਿ ਕੁਝ ਦੇਰ ਪਹਿਲੇ ਇਕ ਬੰਬ ਕੋਈ 30 ਫੁੱਟ ਦੇ ਫਾਸਲੇ ਤੇ ‘Bila Tserkva’ ਉੱਤੇ ਡਿੱਗਾ ਸੀ।
ਇਕ ਪਲ ਲਈ ਪਿਆਨੋ ਵਜਾਉਂਦੀ ਵਜਾਉਂਦੀ ਆਈਰਿਨਾਂ ਸਾਹ ਲੈਂਦੀ ਹੈ ਤੇ ਫਿਰ ਦੁਬਾਰਾ ਤੋਂ ਧੁੰਨ ਵਜਾਉਣੀ ਸ਼ੁਰੂ ਕਰ ਦਿੰਦੀ ਹੈ। ਕਰੀਨਾ ਜੋ ਕੇ ਪਿਆਨੋ ਵਜਾਉਣ ਵਾਲੀ ਔਰਤ ਦੀ ਕੁੜੀ ਹੈ, ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਪੇਸ਼ੇਵਰ ਪਿਆਨੋ ਵਜਾਉਣ ਵਾਲੀ ਕਲਾਕਾਰ ਹੈ।
ਕੀਵ ਦੇ ਦੱਖਣ ਚ ਵਸੇ ਬਿੱਲਾ ਸਰਕਵਾ ‘ਤੇ ਮਿਜ਼ਾਇਲ ਹਮਲਾ ਹੋਣ ਦੇ ਬਾਅਦ ਸਹਿਮ ਦਾ ਮਾਹੌਲ ਬਣ ਗਿਆ। ਆਈਰਿਨਾਂ ਨੇ ਆਖ਼ਰੀ ਵਾਰ ਪਿਆਨੋ ਤੇ ਸੁਰ ਛੇੜੇ, ਧੁਨ ਵਜਾਈ ਤੇ ਫਿਰ ਆਖ਼ਰ ਵਿੱਚ ਉਹ ਸਾਰਾ ਘਰ ਮਲਬੇ ਦਾ ਢੇਰ ਹੋ ਗਿਆ।
ਉਹ ਗੱਲ ਹੋਰ ਹੈ ਕਿ ਸਾਰਾ ਪਰਿਵਾਰ ਫਿਰ ਲਿਵੀਵ ਚਲੇ ਗਏ, ਜੋ ਕਿ ਬਹੁਤ ਸ਼ਾਂਤ ਜਗ੍ਹਾ ਹੈ। ਵੀਡੀਓ ਵਿੱਚ ਔਰਤ ਦਾ ਆਖ਼ਰੀ ਵਾਰ ਪਿਆਨੋ ਵਜਾਉਣ ਦਾ ਦ੍ਰਿਸ਼ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਪੋਸਟ ਤੇ ਇਕ ਕੁਮੈਂਟ ਚ ਕਿਸੀ ਨੇ ਲਿਖਿਆ ਕਿ ਰੁੂਸ ਵੱਲੋਂ ਕੀਤੇ ਗਏ ਯੂਕਰੇਨ ਤੇ ਹਮਲੇ ਤੇ ਘੁਸਪੈਠ ਦੇ ਬਾਵਜੂਦ ਤੁਸੀਂ ਤਕੜੇ ਹੋ ਤੇ ਜੰਗ ਵੀ ਤੁਹਾਡਾ ਹੌਂਸਲਾ ਨਹੀਂ ਤੋੜ ਸਕੀ। ਇਕ ਹੋਰ ਕੁਮੈਂਟ ਚ ਕਿਸੇ ਨੇ ਲਿਖਿਆ ਕਿ ਇਹ ਇੱਕ ਕਰਿਸ਼ਮਾ ਹੀ ਹੈ ਕਿ ਏਨੇ ਵੱਡੇ ਹਮਲੇ ਚ ਪਿਆਨੋ ਜ਼ਿੰਦਾ ਰਿਹਾ । ਕਿਸੇ ਹੋਰ ਨੇ ਕੁਮੈਂਟ ਕੀਤਾ ਕਿ ਕਮਾਲ ਦੀ ਗੱਲ ਹੈ ਤੇ ਕਾਸ਼ ਪਿਆਰ ਤੇ ਮੌਸੀਕੀ ਸਾਰੇ ਪਾਸੇ ਹੋਵੇ ਅਤੇ ਦੁਸ਼ਮਣੀ ਤੇ ਜ਼ੁਲਮ ਖ਼ਤਮ ਹੋ ਜਾਵੇ।
ਸਹੀ ਮਾਅਨਿਆਂ ਵਿੱਚ ਇਹ ਵੀਡੀਓ ਇੱਕ ਵੱਡੇ ਹੌਸਲੇ ਤੇ ਜ਼ਿੰਦਗੀ ਵੱਲ ਇਸ਼ਾਰਾ ਕਰਦੀ ਹੈ। ਮਜ਼ਬੂਤ ਜਿਗਰੇ ਵਾਲਾ ਇਨਸਾਨ ਹੀ ਬੰਬਾਂ ਤੇ ਮਿਜ਼ਾਈਲਾਂ ਦੀ ਖੇਡ ਤੇ ਜੰਗ ਦੇ ਹਾਲਾਤਾਂ ਵਿੱਚ ਇਸ ਤਰ੍ਹਾਂ ਦੀ ਦਲੇਰੀ ਵਿਖਾ ਸਕਦਾ ਹੈ। ਜਦੋਂ ਹਰ ਪਾਸੇ ਮੌਤ ਦਾ ਖੌਫ ਹੋਵੇ ਤੇ ਲੋਕ ਚਾਰੋਂ ਪਾਸੇ ਤੋਂ ਧਮਾਕਿਆਂ ਦੀ ਆਵਾਜ਼ ਹੀ ਪਿਛਲੇ 29 ਦਿਨਾਂ ਤੋਂ ਸੁਣ ਰਹੇ ਹੋਣ ਉਸ ਸਮੇਂ ਸੰਗੀਤ ਦੀ ਧੁਨ ਇੱਕ ਬਹੁਤ ਹੀ ਵੱਖ ਜਿਹਾ ਅਹਿਸਾਸ ਹੋਵੇਗਾ।
ਆਸ ਪਾਸ ਦੇ ਇਲਾਕਿਆਂ ਤੋਂ ਲਗਾਤਾਰ ਆ ਰਹੀਆਂ ਮੌਤ ਦੀਆਂ ਖ਼ਬਰਾਂ ਅਤੇ ਫੱਟੜ ਹੋਣ ਤੇ ਲੋਕਾਂ ਦੀਆਂ ਤਸਵੀਰਾਂ , ਪਾਣੀ ਲਈ ਤਰਸਦੇ ਲੋਕਾਂ ਦੀਆਂ ਤਸਵੀਰਾਂ ਤੇ ਬੰਕਰਾਂ ਵਿੱਚ ਜਾਨ ਬਚਾਉਣ ਲਈ ਜਗ੍ਹਾ ਲੱਭਦੇ ਲੋਕਾਂ ਦੀ ਜੱਦੋ ਜਹਿਦ , ਜੰਗ ਦਾ ਬਹੁਤ ਹੀ ਭਿਆਨਕ ਸੀਨ ਹੁੰਦਾ ਹੈ। ਬਾਵਜੂਦ ਇਸ ਦੇ ਇਕ ਪਰਿਵਾਰ ਜਿਸ ਦੇ ਘਰ ਦੇ ਖਿੜਕੀਆਂ ਦਰਵਾਜ਼ੇ ਬੰਬ ਧਮਾਕੇ ਵਿਚ ਟੁੱਟ ਗਏ ਹਨ, ਆਸ ਪਾਸ ਟੁੱਟਾ ਫਰਨੀਚਰ ਤੇ ਮਲਬਾ ਦਿਖਾਈ ਦੇ ਰਿਹਾ ਹੈ, ਪਿਆਨੋ ਦੇ ਉੱਤੇ ਵੀ ਮਿੱਟੀ- ਸੁਆਹ ਨਾਲ ਸੰਗੀਤ ਦੀਆਂ ਸੁਰਾਂ ਦੱਬੀਆਂ ਪਈਆਂ ਹਨ ਪਰ ਫੇਰ ਵੀ ਹੌਸਲਾ ਕਰਕੇ ਇੱਕ ਔਰਤ ਪਿਆਨੋ ਨੂੰ ਸਾਫ ਕਰਦੀ ਹੈ। ਆਖ਼ਰੀ ਵਾਰ ਜਿਗਰਾ ਕਰਦੀ ਹੈ ਕਿ ਆਪਣੇ ਮਨਪਸੰਦ ਗੀਤ ਦੀ ਧੁਨ ਨੂੰ ਪਿਆਨੋ ਦੇ ਰਾਹੀਂ ਤਰੰਗਾਂ ਬਣਾ ਕੇ ਜੰਗ ਦੇ ਮਾਹੌਲ ਵਿੱਚ ਵੀ ਜ਼ਿੰਦਾ ਰੱਖੇ।
ਜੰਗ ਨੇ ਕਦੀ ਵੀ ਕਿਸੇ ਦਾ ਕੁਝ ਨਹੀਂ ਸੰਵਾਰਿਆ। ਸੰਸਾਰ ਭਰ ਵਿੱਚ ਹਕੂਮਤਾਂ ਨੇ ਜਦੋਂ ਜਦੋਂ ਵੀ ਇੱਕ ਦੂਜੇ ਤੇ ਕਾਬਜ਼ ਹੋਣ ਲਈ ਹਮਲੇ ਕੀਤੇ, ਆਮ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਪਰ ਕਹਿੰਦੇ ਹਨ ਕਿ ਹਰ ਰਾਤ ਤੋਂ ਬਾਅਦ ਦਿਨ ਜ਼ਰੂਰ ਚੜ੍ਹਦਾ ਹੈ। ਇਸ ਘਟਨਾ ਨੇ ਸੋਸ਼ਲ ਮੀਡੀਆ ਤੇ ਕਈ ਲੋਕਾਂ ਦਾ ਦਿਲ ਜਿੱਤ ਲਿਆ ਹੈ।