ਦੁਨੀਆ ਭਰ ‘ਚ ਕਈ ਅਜਿਹੇ ਲੋਕ ਹਨ ਜੋ ਆਪਣੀ ਸਰੀਰਕ ਅਸਮਰੱਥਾ ਦੇ ਬਾਵਜੂਦ ਇੱਕ ਨਵਾਂ ਮੁਕਾਮ ਹਾਸਲ ਕਰ ਰਹੇ ਹਨ। ਉਹ ਆਪਣੇ ਹੌਂਸਲੇ, ਹਿੰਮਤ ਅਤੇ ਇੱਛਾ ਸ਼ਕਤੀ ਨਾਲ ਹੋਰਾਂ ਲੋਕਾਂ ਲਈ ਮਿਸਾਲ ਬਣ ਰਹੇ ਹਨ। ਅੱਜ ਇੱਕ ਅਜਿਹੀ ਹੀ ਮਹਿਲਾ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੋ ਹਿੰਮਤ ਤੇ ਇੱਛਾ ਸ਼ਕਤੀ ਨਾਲ ਦੂਜਿਆਂ ਲਈ ਇੱਕ ਵੱਡੀ ਉਦਾਹਰਣ ਪੇਸ਼ ਕਰ ਰਹੀ ਹੈ। ਇਹ ਮਹਿਲਾ ਹੈ ਜਿਸਦਾ ਨਾਮ ਹੈ ਜੇਸਿਕਾ ਕਾਕਸ ( Jessica Cox ) , ਇਹ ਦੁਨੀਆ ਦੀ ਪਹਿਲੀ ਅਜਿਹੀ ਇਕਲੌਤੀ ਮਹਿਲਾ ਹੈ ਜੋ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ।
ਜੈਸਿਕਾ ਕੋਲ ਅਜਿਹਾ ਲਾਇਸੈਂਸ ਹੈ ਜੋ ਦੁਨੀਆ ਦੇ ਪਹਿਲੇ ਕਿਸੇ ਆਰਮਲੈੱਸ ( ਬਿਨਾਂ ਹੱਥ ) ਦੇ ਪਾਇਲਟ ਨੂੰ ਦਿੱਤਾ ਗਿਆ। ਇਸ ਵਜ੍ਹਾ ਕਾਰਨ ਇਸ ਮਹਿਲਾ ਦਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ ‘ਚ ਦਰਜ ਕੀਤਾ ਗਿਆ ਹੈ। ਜੈਸਿਕਾ ਦੀ ਖਾਸੀਅਤ ਇਹ ਹੈ ਕਿ ਇਹ ਨਾ ਸਿਰਫ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ ਸਗੋਂ ਹੋਰ ਛੋਟੇ ਵੱਡੇ ਕੰਮ ਵੀ ਪੈਰਾਂ ਨਾਲ ਕਰਨ ‘ਚ ਐਕਸਪਰਟ ਹੈ। ਇਸ ਵੀਡੀਓ ਵਿੱਚ ਤੁਸੀ ਆਪ ਹੀ ਵੇਖ ਲਵੋ ਜੈਸੀਕਾ ਕਿੰਝ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ-
ਦੱਸ ਦੇਈਏ ਕਿ ਅਮਰੀਕਾ ਦੇ ਐਰੀਜ਼ੋਨਾ ‘ਚ ਜਨਮੀ ਜੈਸਿਕਾ ਦੇ ਹੱਥ ਜਨਮ ਤੋਂ ਹੀ ਨਹੀਂ ਸਨ। 14 ਸਾਲ ਤੱਕ ਜੈਸਿਕਾ ਨੇ ਨਕਲੀ ਹੱਥ ਦੀ ਵਰਤੋਂ ਕੀਤੀ ਇਸ ਤੋਂ ਬਾਅਦ ਉਸ ਨੇ ਇਹ ਵੀ ਹਟਵਾ ਦਿੱਤੇ ਤੇ ਸਾਰੇ ਕੰਮ ਪੈਰਾਂ ਨਾਲ ਕਰਨ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ।
ਉਦੋਂ ਤੋਂ ਹੀ ਇਹ ਆਪਣੇ ਸਾਰੇ ਕੰਮ ਪੈਰਾਂ ਨਾਲ ਕਰਦੀ ਆ ਰਹੀ ਹੈ ਨਾ ਸਿਰਫ ਡੇਲੀ ਰੁਟੀਨ ਦੇ ਕੰਮ ਸਗੋਂ ਕਾਰ ਚਲਾਉਣਾ, ਅੱਖਾਂ ਵਿੱਚ ਲੈਂਸ ਲਗਾਉਣਾ, ਗੈਸ ਭਰਨਾ, ਕੰਪਿਊਟਰ ਚਲਾਉਣ ਤੋਂ ਲੈ ਕੇ ਉਹ ਸਾਰੇ ਕੰਮ ਜੋ ਇੱਕ ਆਮ ਆਦਮੀ ਕਰ ਸਕਦਾ ਹੈ, ਉਹ ਕਰ ਰਹੀ ਹੈ। ਇਸ ਦੀ ਕੰਪਿਊਟਰ ‘ਤੇ ਟਾਈਪਿੰਗ ਸਪੀਡ 25 ਅੱਖਰ ਪ੍ਰਤੀ ਮਿੰਟ ਹੈ।
ਜੈਸਿਕਾ ਦੀ ਉਮਰ 34 ਸਾਲ ਦੀ ਹੈ ਅਤੇ ਉਸਨੂੰ ਇੰਟਰਨੈੱਟ ਸਰਫਿੰਗ, ਸਕੂਬਾ ਡਾਇਵਿੰਗ, ਘੁੜਸਵਾਰੀ ਦਾ ਬਹੁਤ ਸ਼ੌਕ ਹੈ। ਇੱਥੋਂ ਤੱਕ ਕਿ ਉਹ ਲਿਖਾਈ ਵੀ ਪੈਰਾਂ ਨਾਲ ਹੀ ਕਰਦੀ ਹੈ ਆਪਣੀ ਜੁੱਤੀਆਂ ਦੇ ਫਿੱਤੇ ਵੀ ਜੈਸਿਕਾ ਪੈਰਾਂ ਨਾਲ ਹੀ ਬੰਨਦੀ ਹੈ।
ਜੈਸਿਕਾ ਨੇ 22 ਸਾਲ ਦੀ ਉਮਰ ‘ਚ ਜਹਾਜ਼ ਉਡਾਉਣਾ ਸਿੱਖਿਆ ਤੇ ਇਸ ਦੇ ਤਿੰਨ ਸਾਲ ਦੇ ਅੰਦਰ ਹੀ ਯਾਨੀ 25 ਸਾਲ ਵਿੱਚ ਹੀ ਇਸਨੂੰ ਲਾਇਸੈਂਸ ਮਿਲ ਗਿਆ। ਜਦੋਂ ਜੈਸਿਕਾ ਦਾ ਵਿਆਹ ਹੋਇਆ ਤਾਂ ਉਸ ਦੇ ਮੰਗੇਤਰ ਨੇ ਵੀ ਉਸ ਦੇ ਪੈਰਾਂ ਦੀ ਉਂਗਲ ‘ਚ ਮੁੰਦਰੀ ਪਾਈ ਸੀ ।