ਜਗਰਾਓਂ : ਸਥਾਨਕ ਥਾਣੇ ਦੇ ਰਹਿ ਚੁੱਕੇ ਥਾਣਾਮੁਖੀ ਦੇ ਅੱਤਿਆਚਾਰਾਂ ਦੀ ਸ਼ਿਕਾਰ ਹੋਈ, ਮੰਜੇ ‘ਤੇ ਨਕਾਰਾ ਪਈ, ਇਨਸਾਫ਼ ਤੋਂ ਬੇ-ਆਸ ਹੋ ਗਈ ਨੌਜਵਾਨ ਲੜਕੀ ਕੁਲਵੰਤ ਕੌਰ ਵਾਸੀ ਰਸੂਲਪੁਰ ਨੇ ਹੁਣ ਮੁੱਖ ਮੰਤਰੀ ਤੋਂ ਇਨਸਾਫ਼ ਦੀ ਥਾਂ ‘ਮੌਤ’ ਦੀ ਭੀਖ ਮੰਗੀ ਹੈ।
ਮਿਲੀ ਜਾਣਕਾਰੀ ਅਨੁਸਾਰ 50 ਰੁਪਏ ਦੇ ਅਸ਼ਟਾਮ ਪੇਪਰ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇਕ ‘ਖ਼ਤ’ ਵਿਚ ਪੀੜ੍ਹਤਾ ਨੇ ਲਿਖਿਆ ਹੈ ਕਿ, ਥਾਣੇਦਾਰ ਖਿਲਾਫ਼ ਪਰਚਾ ਦਰਜ ਕਰਨ ਲਈ ਭੇਜੇ ਕਮਿਸ਼ਨਾਂ ਦੇ ਹੁਕਮਾਂ ਨੂੰ ਲੋਕਲ਼ ਪੁਲਿਸ ਅਧਿਕਾਰੀਆਂ ਨੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਹੈ, ਜਦਕਿ ਦੋਸ਼ੀ ਥਾਣੇਦਾਰ ਨੂੰ ਤਰੱਕੀ ਦੇ ਕੇ ਡੀਐੱਸਪੀ ਬਣਾ ਦਿੱਤਾ ਹੈ। ਇਸ ਭ੍ਰਿਸ਼ਟ ਸਿਸਟਮ ‘ਚ ਹੁਣ ਇਨਸਾਫ਼ ਦੀ ਆਸ ਘਟਦੀ ਜਾ ਰਹੀ ਹੈ ਫਿਰ ਵੀ ਮੈਂ ਮੁੜ ਮੰਗ ਕਰਦੀ ਹਾਂ ਕਿ ‘ਜਾਂ ਤਾਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਕੇ ਇਨਸਾਫ਼ ਦੇ ਦਿਓ ਨਹੀਂ ਤਾਂ ਮੈਨੂੰ ‘ਮਰਨ’ ਦੀ ਆਗਿਆ ਦੇ ਦਿਓ, ਕਿਉਂਕਿ ਕਿ ਇਨਸਾਫ਼ ਦੀ ਆਸ ਵਿੱਚ ਮੇਰਾ ਹੋਰ ਜਿਉਣਾ ਔਖਾ ਹੈ।’
ਦੱਸਿਆ ਜਾ ਰਿਹਾ ਹੈ ਕਿ ਥਾਣਾਮੁਖੀ ਨੇ ਕੁਲਵੰਤ ਕੌਰ ਅਤੇ ਉਸ ਦੀ ਬਿਰਧ ਮਾਤਾ ਨੂੰ ਨਜ਼ਾਇਜ਼ ਹਿਰਾਸਤ ‘ਚ ਰੱਖ ਕੇ ਕੁੱਟਮਾਰ ਕਰਕੇ ਤੇ ਕਰੰਟ ਲਗਾਉਣ ਤੋਂ ਬਾਅਦ ਫਰਜ਼ੀ ਗਵਾਹ ਤੇ ਫਰਜ਼ੀ ਰਿਕਾਰਡ ਬਣਾ ਕੇ ਕੁਲਵੰਤ ਦੇ ਭਰਾ ਇਕਬਾਲ ਸਿੰਘ ਨੂੰ ਕਤਲ਼ ਦੇ ਝੂਠੇ ਕੇਸ ‘ਚ ਫਸਾ ਦਿੱਤਾ ਸੀ, ਜੋ ਕਰੀਬ 10 ਸਾਲ ਬਾਅਦ ਬਰੀ ਹੋਇਆ। ਹੁਣ ਇਕਬਾਲ 17 ਸਾਲਾਂ ਤੋਂ ਦੋਸ਼ੀ ਪੁਲਿਸ ਕਰਮੀਆਂ ਖਿਲਾਫ਼ ਕਾਰਵਾਈ ਲਈ ਲੜ੍ਹ ਰਿਹਾ ਹੈ, ਜਦਕਿ ਕੁਲਵੰਤ ਕੌਰ ਲੰਬੇ ਸਮੇਂ ਤੋਂ ਨਕਾਰਾ ਹੋਈ ਪਈ ਹੈ।