ਖੇਤੀਬਾੜੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਨੇ ਰਾਸ਼ਟਰੀ ਪੱਧਰ ‘ਤੇ ਸਰਵੋਤਮ ਰੈਂਕਿੰਗ ਲਈ ਸਭ ਦਾ ਕੀਤਾ ਧੰਨਵਾਦ

TeamGlobalPunjab
2 Min Read

 

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਰੈਂਕਿੰਗ ਵਿੱਚ ਪੀ.ਏ.ਯੂ. ਨੂੰ ਸਰਵੋਤਮ ਰਾਜ ਖੇਤੀ ਯੂਨੀਵਰਸਿਟੀ ਦਾ ਦਰਜਾ ਮਿਲਣ ਤੇ ਸੀਨੀਅਰ ਅਧਿਕਾਰੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਸਮੁੱਚੀ ਟੀਮ ਵੱਲੋਂ ਕੀਤੇ ਲਗਾਤਾਰ ਕੰਮ ਸਦਕਾ ਸੰਭਵ ਹੋਇਆ ਹੈ। ਉਹਨਾਂ ਨੇ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸਾਬਕਾ ਵਿਦਿਆਰਥੀਆਂ ਅਤੇ ਪੁਰਾਣੇ ਕਰਮਚਾਰੀਆਂ ਨੂੰ ਵੀ ਦਿੱਤਾ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸਖਤ ਮਿਹਤਨ ਨਾਲ ਪੀ.ਏ.ਯੂ. ਦਾ ਝੰਡਾ ਬੁਲੰਦ ਕੀਤਾ। ਉਹਨਾਂ ਕਿਹਾ ਕਿ ਅਸੀਂ ਆਪਣੇ ਪੁਰਖਿਆਂ, ਸਹਿਕਰਮੀਆਂ, ਦੋਸਤਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਦੇ ਉਤਸ਼ਾਹ ਅਤੇ ਸਹਿਯੋਗ ਸਦਕਾ ਇਹ ਮੁਕਾਮ ਤੈਅ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬਦਲਦੀਆਂ ਸਥਿਤੀਆਂ ਮੁਤਾਬਕ ਖੁਦ ਨੂੰ ਢਾਲ ਕੇ ਅਤੇ ਹੋਰ ਮਿਹਨਤ ਕਰਕੇ ਇਸ ਮੁਕਾਮ ਨੂੰ ਬਰਕਰਾਰ ਰੱਖਣਾ ਪਵੇਗਾ।

 

ਉਨ੍ਹਾਂ ਸਹਿਕਰਮੀਆਂ ਨੂੰ ਹੋਰ ਸਖਤ ਮਿਹਨਤ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਖੋਜ, ਅਧਿਆਪਨ ਅਤੇ ਪਸਾਰ ਦੇ ਖੇਤਰ ਵਿੱਚ ਆਪਣੀ ਪੂਰੀ ਸਮਰਥਾ ਨਾਲ ਯੂਨੀਵਰਸਿਟੀ ਨੂੰ ਨਵੀਆਂ ਸਿਖਰਾਂ ਵੱਲ ਲੈ ਜਾਣ ਲਈ ਡਟੇ ਰਹਿਣ। ਡਾ. ਢਿੱਲੋਂ ਨੇ ਸਮੁੱਚੇ ਪੀ.ਏ.ਯੂ. ਪਰਿਵਾਰ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਪਹਿਲਾਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਸਮੁੱਚੇ ਅਧਿਕਾਰੀਆਂ ਅਤੇ ਪੀ.ਏ.ਯੂ. ਦੇ ਅਮਲੇ ਦਾ ਸਵਾਗਤ ਕੀਤਾ। ਇਸ ਮੌਕੇ ਖੇਤਰੀ ਖੋਜ ਕੇਂਦਰਾਂ ਦੇ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਉਪ-ਨਿਰਦੇਸ਼ਕ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਅਧਿਕਾਰੀਆਂ ਨੇ ਵੀ ਇਸ ਵਰਚੂਅਲ ਮਿਲਣੀ ਵਿੱਚ ਭਾਗ ਲਿਆ।

Share This Article
Leave a Comment