ਅਮੂਲ ਅਤੇ ਮਦਰ ਡੇਅਰੀ ਤੋਂ ਬਾਅਦ ਵੇਰਕਾ ਦਾ ਦੁੱਧ ਵੀ ਹੋਇਆ ਮਹਿੰਗਾ; ਅੱਜ ਤੋਂ ਨਵੀਆਂ ਦਰਾਂ ਲਾਗੂ; ਜਾਣੋ ਨਵੀਆਂ ਕੀਮਤਾਂ

Global Team
3 Min Read

ਚੰਡੀਗੜ੍ਹ : ਅੱਜ ਤੋਂ ਆਮ ਆਦਮੀ ਦੀ ਰਸੋਈ ਦਾ ਬਜਟ ਫਿਰ ਵਿਗੜ ਗਿਆ ਹੈ। ਵੇਰਕਾ ਨੇ ਵੀ ਦੁੱਧ ਦੇ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਨਵੀਆਂ ਦਰਾਂ ਅੱਜ ਤੋਂ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਰੋਪੜ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਲਾਗੂ ਹੋਣਗੀਆਂ। ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ।

ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਫੁੱਲ ਕ੍ਰੀਮ ਦੁੱਧ ਦਾ ਇੱਕ ਲੀਟਰ ਦਾ ਪੈਕੇਟ ਹੁਣ 69 ਦੀ ਬਜਾਏ 71 ਰੁਪਏ ਵਿੱਚ ਮਿਲੇਗਾ। ਉੱਥੇ ਹੀ, 500 ਐਮਐਲ (ML) ਫੁੱਲ ਕ੍ਰੀਮ ਦੁੱਧ ਦੇ ਪੈਕੇਟ ਦੀ ਕੀਮਤ 35 ਤੋਂ ਵਧਾ ਕੇ 36 ਰੁਪਏ ਕਰ ਦਿੱਤੀ ਗਈ ਹੈ। ਸਟੈਂਡਰਡ ਮਿਲਕ 32 ਤੋਂ 33 ਰੁਪਏ ਅਤੇ ਟੋਨਡ ਮਿਲਕ 29 ਤੋਂ 30 ਰੁਪਏ (500 ML) ਹੋ ਗਿਆ ਹੈ। ਹਾਲਾਂਕਿ, 200 ਐਮਐਲ ਡੀਟੀਐਮ, 350 ਐਮਐਲ ਟੀਐਮ ਅਤੇ 6 ਲੀਟਰ ਪੈਕ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾ ਦੇਸ਼ ਦੀਆਂ ਦੋ ਵੱਡੀਆਂ ਡੇਅਰੀ ਕੰਪਨੀਆਂ, ਅਮੂਲ ਅਤੇ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦੋਵਾਂ ਕੰਪਨੀਆਂ ਨੇ ਆਪਣੇ ਵੱਖ-ਵੱਖ ਦੁੱਧ ਦੇ ਵੇਰੀਐਂਟਸ ‘ਤੇ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਅੱਜ ਯਾਨੀ 14 ਮਈ, ਵੀਰਵਾਰ ਤੋਂ ਲਾਗੂ ਹੋ ਗਈਆਂ ਹਨ। ਕੰਪਨੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਤੋਂ ਦੁੱਧ ਦੀ ਖ਼ਰੀਦ ਲਾਗਤ ਵਧਣ ਅਤੇ ਉਤਪਾਦਨ ਖ਼ਰਚ ਜ਼ਿਆਦਾ ਹੋਣ ਕਾਰਨ ਕੀਮਤਾਂ ਵਿੱਚ ਬਦਲਾਅ ਕਰਨਾ ਪਿਆ ਹੈ।

ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਅਮੂਲ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕਰ ਦਿੱਤਾ ਹੈ। ਕੰਪਨੀ ਅਨੁਸਾਰ, ਨਵੀਆਂ ਕੀਮਤਾਂ ਪੂਰੇ ਭਾਰਤ ਵਿੱਚ ਅੱਜ ਤੋਂ ਲਾਗੂ ਹੋਣਗੀਆਂ ਅਤੇ ਸਾਰੇ ਪ੍ਰਮੁੱਖ ਵੇਰੀਐਂਟਸ ਮਹਿੰਗੇ ਹੋ ਜਾਣਗੇ।

ਹੁਣ ਅਮੂਲ ਦਾ ਫੁੱਲ ਕ੍ਰੀਮ ਦੁੱਧ 68 ਰੁਪਏ ਦੀ ਬਜਾਏ 70 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਕਈ ਹੋਰ ਵੇਰੀਐਂਟਸ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਆਖਰੀ ਵਾਰ ਮਈ 2025 ਵਿੱਚ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਸਨ। ਉਸ ਸਮੇਂ ਵੀ ਪ੍ਰਤੀ ਲੀਟਰ 2 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਸੀ।

ਅਮੂਲ ਤੋਂ ਬਾਅਦ ਮਦਰ ਡੇਅਰੀ ਨੇ ਵੀ ਆਪਣੇ ਲਿਕਵਿਡ ਮਿਲਕ ਵੇਰੀਐਂਟਸ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਕਿਸਾਨਾਂ ਤੋਂ ਦੁੱਧ ਦੀ ਖ਼ਰੀਦ ਕੀਮਤ ਕਰੀਬ 6% ਵਧੀ ਹੈ, ਜਿਸ ਕਾਰਨ ਲਾਗਤ ਵਿੱਚ ਵਾਧਾ ਹੋਇਆ ਹੈ।

 

Share This Article
Leave a Comment