ਹੁਸ਼ਿਆਰਪੁਰ – ਪੰਜਾਬ ਸਰਕਾਰ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਰੋਕਣ ਦੇ ਲਈ ਲਗਾਤਾਰ ਸਖ਼ਤੀਆਂ ਤਾਂ ਲਗਾ ਰਹੀ ਹੈ ਪਰ ਦੂਸਰੇ ਪਾਸੇ ਵੈਕਸੀਨੇਸ਼ਨ ਦਾ ਕੰਮ ਵੀ ਰੁਕ ਚੁੱਕਿਆ ਹੈ। ਕੈਪਟਨ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਵਿਤਕਰਾ ਕਰ ਰਹੀ ਹੈ ਅਤੇ ਪ੍ਰਾਪਤ ਮਾਤਰਾ ਵਿਚ ਟੀਕਾ ਨਹੀਂ ਦਿੱਤਾ ਜਾ ਰਿਹਾ।
ਜਿਸ ਤਹਿਤ ਬੀਤੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਇਸ ਦਾ ਅਸਰ ਦਿਖਾਈ ਦਿੱਤਾ। ਕੋਰੋਨਾ ਵੈਕਸੀਨ ਦੀ ਡੋਜ਼ ਨਾ ਹੋਣ ਕਰਕੇ ਹੁਸ਼ਿਆਰਪੁਰ ਦੇ ਇੱਕ ਸਿਹਤ ਕੇਂਦਰ ਦੇ ਬਾਹਰ ਬਕਾਇਦਾ ਤੌਰ ‘ਤੇ ਇਕ ਪੋਸਟਰ ਲਗਾ ਦਿੱਤਾ ਗਿਆ। ਜਿਸ ਵਿੱਚ ਲਿਖਿਆ ਗਿਆ ਕਿ – “ਵੈਕਸੀਨ ਖ਼ਤਮ ਹੈ ਇਸ ਲਈ ਅੱਜ ਵੈਕਸੀਨ ਨਾ ਹੋਣ ਦੇ ਕਾਰਨ ਟੀਕਾਕਰਨ ਬੰਦ ਰਹੇਗਾ”
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਲਡ ਚੇਨ ਸੈਂਟਰ ਦੇ ਇੰਚਾਰਜ ਪ੍ਰਦੀਪ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੇ ਦਿਨ ਦੇਰ ਸ਼ਾਮ ਤੱਕ ਸਿਵਲ ਹਸਪਤਾਲ ‘ਚ ਕੋਵਿਡ ਵੈਕਸੀਨ ਦੀ 50 ,000 ਡੋਜ਼ ਪਹੁੰਚ ਗਈਆਂ ਸਨ। ਜਿਸ ਤਹਿਤ ਅੱਜ ਜ਼ਿਲ੍ਹੇ ਵਿੱਚ ਟੀਕਾਕਰਨ ਦਾ ਕੰਮ ਬਿਨਾਂ ਕਿਸੇ ਰੋਕ ਤੋਂ ਲਗਾਤਾਰ ਜਾਰੀ ਰਹੇਗਾ। ਹੁਸ਼ਿਆਰਪੁਰ ਵਿੱਚ 1633 ਕੋਰੋਨਾ ਦੇ ਐਕਟਿਵ ਕੇਸ ਹਨ, ਬੀਤੇ ਦਿਨ ਕੋਰੋਨਾ ਵਾਇਰਸ ਨਾਲ ਪੀੜਤ 7 ਮਰੀਜ਼ਾਂ ਦੀ ਮੌਤ ਹੋ ਗਈ ਸੀ।