ਚਮੋਲੀ: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਮਾਨਾ ਪਿੰਡ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਬਰਫੀਲਾ ਤੂਫ਼ਾਨ ਆਇਆ, ਜਿਸ ਕਾਰਨ ਸੜਕ ਨਿਰਮਾਣ ਦੇ ਕੰਮ ‘ਚ ਸ਼ਾਮਲ 55 ਮਜ਼ਦੂਰ ਬਰਫ਼ ਦੀ ਲਪੇਟ ‘ਚ ਆ ਗਏ। ਹੁਣ ਤੱਕ 50 ਮਜ਼ਦੂਰਾਂ ਨੂੰ ਬਚਾਇਆ ਜਾ ਚੁੱਕਾ ਹੈ, ਜਦਕਿ 4 ਦੀ ਮੌਤ ਹੋ ਚੁੱਕੀ ਹੈ। ਬਾਕੀ 5 ਮਜ਼ਦੂਰਾਂ ਦੀ ਭਾਲ ਜਾਰੀ ਹੈ।
200 ਤੋਂ ਵੱਧ ਜਵਾਨ ਬਚਾਅ ਅਭਿਆਨ ‘ਚ ਲੱਗੇ ਹੋਏ ਹਨ। ਸ਼ਨੀਵਾਰ ਸਵੇਰੇ 14 ਹੋਰ ਲੋਕਾਂ ਨੂੰ ਵੀ ਬਚਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਇਲਾਕੇ ‘ਚ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਚੱਲ ਰਹੇ ਹਨ। ਲਾਪਤਾ ਮਜ਼ਦੂਰਾਂ ਦੀ ਭਾਲ ਲਈ ਸ਼ਨੀਵਾਰ ਸਵੇਰੇ 7:30 ਵਜੇ ਤੋਂ ਕਾਰਵਾਈ ਜਾਰੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹਤ ਕਾਰਜਾਂ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਸੰਪਰਕ ਕਰਕੇ ਤਾਜ਼ਾ ਹਾਲਾਤ ਦੀ ਜਾਣਕਾਰੀ ਲਈ।
ਆਈਟੀਬੀਪੀ ਦੇ ਕਮਾਂਡੈਂਟ ਵਿਜੇ ਕੁਮਾਰ ਨੇ ਦੱਸਿਆ ਕਿ ਬਚਾਏ ਗਏ ਕੁਝ ਮਜ਼ਦੂਰਾਂ ਨੂੰ ਫਰੈਕਚਰ ਅਤੇ ਸਿਰ ‘ਚ ਸੱਟਾਂ ਆਈਆਂ ਹਨ, ਅਤੇ ਉਹ ਜੋਸ਼ੀਮਠ ਹਸਪਤਾਲ ‘ਚ ਦਾਖਲ ਹਨ। ਬਚਾਅ ਕਾਰਵਾਈ ਦੀ ਨਿਗਰਾਨੀ ਆਈ.ਜੀ. ਕਰ ਰਹੇ ਹਨ, ਜਦਕਿ ਡੀਆਈਜੀ ਮੈਦਾਨੀ ਪੱਧਰ ‘ਤੇ ਮੌਜੂਦ ਹਨ। ਉਮੀਦ ਹੈ ਕਿ ਸ਼ਾਮ ਤੱਕ ਚੰਗੀ ਖ਼ਬਰ ਮਿਲ ਸਕਦੀ ਹੈ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਬਚਾਅ ਕਾਰਜ ‘ਚ ਆਰਮੀ, ਆਈਟੀਬੀਪੀ, ਏਅਰ ਫੋਰਸ, ਬੀਆਰਓ, ਐਸਡੀਆਰਐਫ ਅਤੇ ਫਾਇਰ ਸਰਵਿਸ ਸ਼ਾਮਲ ਹਨ। ਸੰਚਾਰ ਵਿਵਸਥਾ ਠੀਕ ਕਰਨ ਲਈ ਨੈੱਟਵਰਕ ਮੁੜ ਸਥਾਪਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਬੀਆਰਓ ਦੇ 8 ਵਰਕਰ ਸਟੀਲ ਦੇ ਡੱਬਿਆਂ ‘ਚ ਫਸੇ ਹੋਏ ਸਨ, ਜਿਨ੍ਹਾਂ ਵਿੱਚੋਂ 5 ਨੂੰ ਬਚਾਇਆ ਜਾ ਚੁੱਕਾ ਹੈ। ਬਚਾਅ ਕਾਰਵਾਈ ਪੂਰੀ ਤਾਕਤ ਨਾਲ ਜਾਰੀ ਹੈ, ਉਮੀਦ ਹੈ ਕਿ ਬਾਕੀ ਮਜ਼ਦੂਰ ਵੀ ਜਲਦੀ ਹੀ ਬਚਾ ਲਏ ਜਾਣਗੇ।