ਭਵਾਨੀਗੜ੍ਹ: ਸੰਗਰੂਰ ਦੇ ਭਵਾਨੀਗੜ੍ਹ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਅਣਪਛਾਤੇ ਲੋਕਾਂ ਨੇ ਪਿੰਡ ਨਦਾਮਪੁਰ ਦੇ ਰਸਤੇ ‘ਤੇ ਮੌਜੂਦ ਨਹਿਰ ਦੇ ਕੰਡੇ ਤਿੰਨ ਥਾਵਾਂ ‘ਤੇ ਇਸਤੇਮਾਲ ਕੀਤੀ ਗਈਆਂ ਪੀਪੀਈ ਕਿੱਟਾਂ ਸੁੱਟ ਦਿੱਤੀਆਂ। ਸਵੇਰੇ ਜਦੋਂ ਲੋਕਾਂ ਨੇ ਤਿੰਨ ਥਾਵਾਂ ‘ਤੇ ਪੀਪੀਈ ਕਿੱਟਾਂ ਦਾ ਢੇਰ ਵੇਖਿਆ ਤਾਂ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ। ਰਾਹਗੀਰਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਮੌਕੇ ‘ਤੇ ਪਹੁੰਚੀ ਪੁਲਿਸ, ਸਿਹਤ ਵਿਭਾਗ ਅਤੇ ਪ੍ਰਦੂਸ਼ਣ ਬੋਰਡ ਦੀ ਟੀਮ ਨੇ ਇਨ੍ਹਾਂ ਕਿੱਟਾਂ ਨੂੰ ਹਟਾਇਆ।
ਮੌਕੇ ‘ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਸਭ ਤੋਂ ਪਹਿਲਾਂ ਰਸਤਿਆਂ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ। ਲੋਕਾਂ ਨੂੰ ਨੇੜ੍ਹੇ ਨਾਂ ਆਉਣ ਦੀ ਚਿਤਾਵਨੀ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਪ੍ਰਸ਼ਾਸਨ ਨੇ ਪਾਇਆ ਕਿ ਇਹ ਪੀਪੀਈ ਕਿੱਟਾਂ ਇੱਥੇ ਲਿਆ ਕੇ ਸੁੱਟੀਆਂ ਗਈਆਂ ਹਨ। ਪੀਪੀਈ ਕਿੱਟਾਂ ਕਿਥੋਂ ਆਈਆਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਇਹ ਵੱਡੀ ਲਾਪਰਵਾਹੀ ਹੈ।
ਲੋਕਾਂ ਨੇ ਦੱਸਿਆ ਕਿ ਮੁੱਖ ਮਾਰਗ ‘ਤੇ ਰਾਤ ਵੇਲੇ ਹੀ ਕਿਸੇ ਨੇ ਵੱਡੀ ਮਾਤਰਾ ਵਿੱਚ ਇਸਤੇਮਾਲ ਕੀਤੀ ਗਈਆਂ ਪੀਪੀਈ ਕਿੱਟਾਂ ਸੁਟੀਆਂ ਹਨ। ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਸਿਮਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਇਸਤੇਮਾਲ ਕੀਤੀ ਗਈਆਂ ਕਿੱਟਾਂ ਨੂੰ ਖੁੱਲ੍ਹੇ ਵਿੱਚ ਸੁੱਟਣਾ ਬੇਹੱਦ ਖਤਰਨਾਕ ਹੈ। ਜੇਕਰ ਕੋਈ ਵਿਅਕਤੀ ਜਾਂ ਬੇਜ਼ੁਬਾਨ ਜਾਨਵਰ ਇਨ੍ਹਾਂ ਨੂੰ ਛੂਹ ਲੈਂਦਾ ਤਾਂ ਕੋਰੋਨਾ ਵਾਇਰਸ ਫੈਲਣ ਦਾ ਡਰ ਸੀ।