ਫਰਿਜ਼ਨੋ : ਬੀਤੇ ਦਿਨ ਨਿਊ-ਮੈਕਸੀਕੋ ਸਟੇਟ ‘ਚ ਹਾਈਵੇਅ 40 ਈਸਟ ਬਾਂਡ ਮੀਲ ਮਾਰਕਰ 112 ਦੇ ਲਾਗੇ ਭਿਆਨਕ ਟਰੱਕ ਹਾਦਸਾ ਵਾਪਰ ਗਿਆ, ਜਿਸ ਵਿਚ ਫਰਿਜ਼ਨੋ ਨਿਵਾਸੀ ਸੁਖਵਿੰਦਰ ਸਿੰਘ ਟਿਵਾਣਾ (45) ਦੀ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਹਾਦਸੇ ਤੋਂ ਬਾਅਦ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਛਾ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਹਾਈਵੇਅ 40 ਈਸਟ ਬਾਂਡ ਮੀਲ ਮਾਰਕਰ ‘ਤੇ ਰੋਡ ਵਰਕ ਕਾਰਨ ਟ੍ਰੈਫ਼ਿਕ ਰੁਕਿਆ ਹੋਇਆ ਸੀ। ਇਸ ਦੌਰਾਨ ਸੁਖਵਿੰਦਰ ਸਿੰਘ ਟਿਵਾਣਾ ਦਾ ਟਰੱਕ ਬੇਕਾਬੂ ਹੋ ਗਿਆ ਤੇ ਅੱਗੇ ਖੜ੍ਹੇ ਟ੍ਰੇਲਰ ਦੇ ਪਿਛਲੇ ਪਾਸੇ ਜਾ ਟਕਰਾਇਆ। ਹਾਦਸੇ ਦੌਰਾਨ ਟਰੱਕ ਦਾ ਡੀਜ਼ਲ ਟੈਂਕ ਫਟਣ ਕਾਰਨ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਜਿਸ ਦੌਰਾਨ ਸੁਖਵਿੰਦਰ ਸਿੰਘ ਟਿਵਾਣਾ ਦੀ ਮੌਤ ਹੋ ਗਈ।
ਸੁਖਵਿੰਦਰ ਸਿੰਘ ਟਿਵਾਣਾ ਪਿਛਲੇ 25-26 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਉਹ ਤਕਰੀਬਨ 18-19 ਸਾਲ ਤੋਂ ਟਰੱਕਿੰਗ ਬਿਜ਼ਨਸ ‘ਚ ਟਰੱਕਾਂ ਦੀ ਛੋਟੀ ਕੰਪਨੀ ‘ਜੋਤ ਟਰੱਕਿੰਗ’ ਚਲਾ ਰਹੇ ਸਨ। ਹਾਦਸੇ ਵਾਲੇ ਦਿਨ ਉਹ ਖੁਦ ਟਰੱਕ ‘ਤੇ ਲੋਡ ਲੈ ਕੇ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਉਹ ਆਪਣੇ ਪਿੱਛੇ ਆਪਣੇ ਬੁੱਢੇ ਮਾਂ-ਬਾਪ, ਪਤਨੀ ਅਤੇ 3 ਬੱਚੇ ਛੱਡ ਗਏ ਹਨ। ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਪਿੰਡ ਦੇ ਰਹਿਣ ਵਾਲੇ ਸਨ। ਦੱਸ ਦਈਏ ਕਿ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਅਮਰੀਕਾ ‘ਚ ਸੜਕ ਦੁਰਘਟਨਾਵਾਂ ‘ਚ ਹੁਣ ਤੱਕ 4-5 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ ਹੋ ਚੁੱਕੀ ਹੈ।