ਵਾਸ਼ਿੰਗਟਨ : ਜਿਉਂ ਜਿਉਂ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਰਾਜਨੀਤੀ ਹੋਰ ਤੇਜ ਹੁੰਦੀ ਨਜ਼ਰ ਆ ਰਹੀ ਹੈ। ਇਸ ‘ਚ ਹੀ ਹੁਣ ਅਮਰੀਕੀ ਰੈਪਰ ਅਤੇ ਅਦਾਕਾਰ ਕਿਮ ਕਰਦਾਸ਼ੀਅਨ ਦੇ ਪਤੀ ਕਾਨਯੇ ਵੈਸਟ ਨੇ ਇਸ ਸਾਲ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ।
ਕਾਨਯੇ ਵੈਸਟ ਨੇ ਸ਼ਨੀਵਾਰ ਨੂੰ ਆਪਣੇ ਇੱਕ ਟਵੀਟ ‘ਚ ਲਿਖਿਆ, “ਸਾਨੂੰ ਹੁਣ ਭਗਵਾਨ ‘ਤੇ ਭਰੋਸਾ ਕਰ ਅਮਰੀਕਾ ਦੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ। ਆਪਣੇ ਵੀਜ਼ਨ ਨੂੰ ਇਕੱਠੇ ਲਿਆਉਣਾ ਅਤੇ ਭਵਿੱਖ ਦੇ ਲਈ ਕੰਮ ਕਰਨਾ ਚਾਹੀਦਾ ਹੈ। ਮੈਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਲੜਨ ਜਾ ਰਿਹਾ ਹਾਂ।” ਕਾਨਯੇ ਦੇ ਇਸ ਟਵੀਟ ਨੂੰ ਇਕ ਘੰਟੇ ਵਿਚ 1 ਲੱਖ ਵਾਰ ਰੀ-ਟਵੀਟ ਕੀਤਾ ਗਿਆ। ਟੈਸਲਾ ਕੰਪਨੀ ਦੇ ਸੀ. ਈ. ਓ. ਐਲਨ ਮਸਕ ਨੇ ਰੀ-ਟਵੀਟ ਕੀਤਾ ਕਿ ਤੁਹਾਨੂੰ ਮੇਰਾ ਪੂਰਾ ਸਮਰਥਨ ਹੈ।
https://twitter.com/kanyewest/status/1279795012402688000
ਦਰਅਸਲ ਕਾਨਯੇ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ 2024 ਵਿਚ ਇਹ ਚੋਣਾਂ ਲੜਨਗੇ। ਦਸਣਯੋਗ ਹੈ ਕਿ ਕਾਨਯੇ ਅਤੇ ਉਸ ਦੀ ਪਤਨੀ ਕਿਮ ਕੈਦੀਆਂ ਦੀ ਰਿਹਾਈ ਦੇ ਮਾਮਲੇ ਸਮੇਤ ਕਈ ਮੌਕਿਆਂ ‘ਤੇ ਸਰਕਾਰ ਦੇ ਅਭਿਆਨਾਂ ਦਾ ਹਿੱਸਾ ਰਹਿ ਚੁੱਕੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਚੋਣਾਂ ਲੜਣ ਲਈ ਫੈਡਰਲ ਇਲੈਕਸ਼ਨ ਕਮੀਸ਼ਨ ਦੀਆਂ ਰਸਮਾਂ ਨੂੰ ਪੂਰਾ ਕੀਤਾ ਹੈ ਜਾਂ ਨਹੀਂ।
ਜਿਕਰਯੋਗ ਹੈ ਕਿ ਜੇਕਰ ਕਾਨਯੇ ਚੋਣਾਂ ਲੜਦੇ ਹਨ ਤਾਂ ਉਨ੍ਹਾਂ ਲਈ ਇਸ ਸਾਲ ‘ਚ ਜੁਲਾਈ ਮਹੀਨੇ ਤੋਂ ਪ੍ਰਚਾਰ ਸ਼ੁਰੂ ਕਰਨਾ ਇਕ ਵੱਡੀ ਚੁਣੌਤੀ ਹੋਵੇਗੀ। ਇਸ ਲਈ ਉਨ੍ਹਾਂ ਨੂੰ ਅਮਰੀਕਾ ਦੇ 50 ਰਾਜਾਂ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਵਿਚ ਬੈਲੇਟ ਲਈ ਕੁਆਲੀਫਾਈ ਕਰਨਾ ਹੋਵੇਗਾ।