ਕਿਸਾਨ ਅੰਦੋਲਨ : ਕਿਸਾਨਾਂ ਨੇ ਕੀਤਾ ਜਵਾਨਾਂ ਦੀ ਸ਼ਹੀਦੀ ਨੂੰ ਸਿਜਦਾ

TeamGlobalPunjab
2 Min Read

ਨਵੀਂ ਦਿੱਲੀਸਾਲ ਪਹਿਲਾਂ 14 ਫਰਵਰੀ ਨੂੰ ਪੁਲਵਾਮਾ ’ਚ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ’ਚ ਸੀਆਰਪੀਐੱਫ ਦੇ ਸ਼ਹੀਦ ਹੋਏ ਜਵਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਮੋਰਚਿਆਂ ’ਤੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ ਤੇ ਜਵਾਨਾਂ ਦੀ ਸ਼ਹੀਦੀ ਨੂੰ ਸਿਜਦਾ ਕੀਤਾ। ਕਿਸਾਨਾਂ ਨੇ ‘ਜੈ ਜਵਾਨ-ਜੈ ਕਿਸਾਨ’ ਦੇ ਨਾਅਰੇ ਵੀ ਲਾਏ।

ਕਿਸਾਨ ਆਗੂਆਂ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਸਾਨੀ ਸੰਘਰਸ਼ ਦੇ ਮੌਜੂਦਾ ਪੜਾਅ ’ਤੇ ਚਾਨਣਾ ਪਾਇਆ। ਕਿਸਾਨ ਆਗੂਆਂ ਨੇ ਕਾਰਪੋਰੇਟਾਂ ਵੱਲੋਂ ਕਿਰਤੀਆਂ ਦੀ ਲੁੱਟ, ਕਿਸਾਨੀ ਦੇ ਭਵਿੱਖ ’ਤੇ ਹਮਲੇ ਕਰਨ ਤੇ ਕਿਸਾਨ ਅੰਦੋਲਨ ਖ਼ਿਲਾਫ਼ ਸੱਤਾਧਾਰੀ ਧਿਰ ਵੱਲੋਂ ਅਪਣਾਏ ਜਾ ਰਹੇ ਹੱਥ ਕੰਡਿਆਂ ਖ਼ਿਲਾਫ਼ ਵੀ ਜਾਗਰੂਕ ਕੀਤਾ।

 ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਇਸ ਘੋਲ ਦੇ ਲੰਬਾ ਚੱਲਣ ਨੂੰ ਮੋਦੀ ਸਰਕਾਰ ਲਈ ਖ਼ਤਰੇ ਦੀ ਘੰਟੀ ਕਰਾਰ ਦਿੱਤਾ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਮੰਨ ਕੇ ਚੱਲਣਾ ਪਵੇਗਾ ਕਿ ਜੇਲ੍ਹਾਂ ਉਨ੍ਹਾਂ ਦੇ ਘਰ ਹਨ ਤੇ ਪੁਲੀਸ ਦੀਆਂ ਸੱਟਾਂ ਸ਼ਿੰਗਾਰ ਹਨ। ਉਨ੍ਹਾਂ ਕਿਸਾਨਾਂ ਨੂੰ ਕਾਹਲੀ ਨਾ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅਜੀਤ ਸਿੰਘ ਨੇ ‘ਪੱਗੜੀ ਸੰਭਾਲ ਜੱਟਾ’ ਮੁਹਿੰਮ 9 ਮਹੀਨੇ ਚਲਾਈ ਸੀ ਤੇ ਚਾਬੀਆਂ ਦਾ ਮੋਰਚਾ ਦੋ ਸਾਲ ਲੰਬਾ ਚੱਲਿਆ ਸੀ। ਕਿਸਾਨਾ ਆਗੂਆਂ ਨੇ ਸਵਾਲ ਕੀਤਾ ਕਿ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਸ਼ਹੀਦ ਕਿਉਂ ਨਹੀਂ ਕਿਹਾ ਜਾਂਦਾ? ਜਮਹੂਰੀ ਕਿਸਾਨ ਸਭਾ ਪੰਜਾਬ ਦੇ ਡਾ. ਸਤਨਾਮ ਸਿੰਘ ਅਜਨਾਲਾ ਤੇ ਹੋਰ ਆਗੂਆਂ ਨੇ ਵੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Share this Article
Leave a comment