ਵਾਸ਼ਿੰਗਟਨ: ਅਮਰੀਕਾ ਵਿੱਚ ਰਹਿ ਰਹੇ 5.5 ਕਰੋੜ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਦੇ ਵੀਜ਼ਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦੇਸ਼ੀਆਂ ਦੇ ਵੀਜ਼ੇ ਰੱਦ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੁਲਕ ਵਾਪਸ ਡਿਪੋਰਟ ਕੀਤਾ ਜਾਵੇਗਾ। ਇਸ ਜਾਂਚ ਦਾ ਅਸਰ 52 ਲੱਖ ਭਾਰਤੀਆਂ ’ਤੇ ਵੀ ਪਵੇਗਾ, ਜੋ ਅਮਰੀਕਾ ਵਿੱਚ ਗੈਰ-ਅਪ੍ਰਵਾਸੀ ਵੀਜ਼ਾ ਧਾਰਕ ਹਨ। ਭਾਰਤ ਸਥਿਤ ਅਮਰੀਕੀ ਦੂਤਾਵਾਸ ਨੇ 2024 ਵਿੱਚ ਲਗਾਤਾਰ ਦੂਜੇ ਸਾਲ 10 ਲੱਖ ਤੋਂ ਵੱਧ ਗੈਰ-ਅਪ੍ਰਵਾਸੀ ਵੀਜ਼ੇ ਜਾਰੀ ਕੀਤੇ ਸਨ।
ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ, ਅਪਰਾਧਿਕ, ਅੱਤਵਾਦੀ ਜਾਂ ਅਮਰੀਕਾ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਵੀਜ਼ਾ ਮਿਆਦ ਤੋਂ ਵੱਧ ਸਮਾਂ ਰੁਕਣ ਵਾਲਿਆਂ ਵਿਰੁੱਧ ਕਾਰਵਾਈ ਹੋਵੇਗੀ। ਵਿਦੇਸ਼ੀ ਨਾਗਰਿਕਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਵੀਜ਼ਾ ਧਾਰਕ ਦੇ ਮੁਲਕ ਵਿੱਚ ਉਸ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਤਾਂ ਨਹੀਂ ਹੋਈ।
ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਨੇ 2025 ਵਿੱਚ 2 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ। ਇਨ੍ਹਾਂ ਵਿੱਚੋਂ 75% ਨੂੰ ਅਪਰਾਧਿਕ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਡਿਪੋਰਟ ਕੀਤੇ ਗਏ ਲੋਕਾਂ ਵਿੱਚ 35-40% ਮੈਕਸੀਕੋ ਦੇ ਨਾਗਰਿਕ ਸਨ। ਡਿਪੋਰਟੇਸ਼ਨ ਕਾਰਨਾਂ ਵਿੱਚ ਅਮਰੀਕਾ ਵਿੱਚ ਗੈਰਕਾਨੂੰਨੀ ਦਾਖਲਾ, ਵੀਜ਼ਾ ਮਿਆਦ ਤੋਂ ਵੱਧ ਰਹਿਣਾ ਜਾਂ ਅਪਰਾਧਿਕ ਗਤੀਵਿਧੀਆਂ ਸ਼ਾਮਲ ਸਨ।
20 ਜਨਵਰੀ ਤੋਂ 22 ਜੁਲਾਈ 2025 ਵਿਚਾਲੇ 1,703 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ, ਜਿਨ੍ਹਾਂ ਵਿੱਚੋਂ ਪੰਜਾਬ ਦੇ 620, ਹਰਿਆਣਾ ਦੇ 604 ਅਤੇ ਗੁਜਰਾਤ ਦੇ 245 ਸਨ। ਹਾਲਾਂਕਿ, ਇਨ੍ਹਾਂ ਵਿੱਚ ਵੀਜ਼ਾ ਧਾਰਕਾਂ ਦੀ ਗਿਣਤੀ ਸਪੱਸ਼ਟ ਨਹੀਂ ਹੋਈ। ਕਈਆਂ ਦੀ ਵੀਜ਼ਾ ਮਿਆਦ ਖਤਮ ਹੋ ਚੁੱਕੀ ਸੀ ਅਤੇ ਕਈਆਂ ਦੇ ਦਸਤਾਵੇਜ਼ਾਂ ਵਿੱਚ ਕਮੀਆਂ ਸਨ। ਅਮਰੀਕਾ ਵਿੱਚ ਲਗਭਗ 18,000 ਗੈਰਕਾਨੂੰਨੀ ਭਾਰਤੀ ਅਪ੍ਰਵਾਸੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾਣਾ ਹੈ।
ਅਮਰੀਕਾ ਵਿੱਚ ਭਾਰਤੀ ਮੂਲ ਦੀ ਦੂਜੀ ਸਭ ਤੋਂ ਵੱਡੀ ਆਬਾਦੀ
ਪਿਊ ਰਿਸਰਚ ਸੈਂਟਰ ਦੀ ਰਿਪੋਰਟ ਮੁਤਾਬਕ, ਅਮਰੀਕਾ ਵਿੱਚ ਏਸ਼ੀਆਈ ਮੂਲ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਭਾਰਤੀਆਂ ਦੀ ਹੈ, ਜੋ ਕੁੱਲ ਏਸ਼ੀਆਈ ਆਬਾਦੀ ਦਾ 21% ਹੈ। ਪਰਵਾਸ ਰੁਝਾਨਾਂ ਅਤੇ ਆਬਾਦੀ ਵਾਧੇ ਕਾਰਨ ਪਿਛਲੇ ਦੋ ਦਹਾਕਿਆਂ ਵਿੱਚ ਭਾਰਤੀਆਂ ਦੀ ਗਿਣਤੀ ਵਧੀ ਹੈ। ਸਾਲ 2000 ਵਿੱਚ 13 ਲੱਖ ਭਾਰਤੀ ਸਨ, ਜੋ 2023 ਤੱਕ ਵਧ ਕੇ 32 ਲੱਖ ਹੋ ਗਏ, ਯਾਨੀ 174% ਦਾ ਵਾਧਾ। ਇਸ ਆਬਾਦੀ ਵਿੱਚੋਂ 60% ਲੋਕ 10 ਸਾਲ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ, ਅਤੇ 51% ਨੇ ਅਮਰੀਕੀ ਨਾਗਰਿਕਤਾ ਹਾਸਲ ਕਰ ਲਈ ਹੈ।