ਅਮਰੀਕਾ: ਸਿੱਖ ਹੋਣ ਕਾਰਨ ਰਿਪਬਲਿਕਨ ਪਾਰਟੀ ਕਰ ਰਹੀ ਹੈ ਵਿਤਕਰਾ, ਭਾਰਤੀ ਮੂਲ ਦੇ ਆਗੂ ਹਰਮੀਤ ਢਿੱਲੋਂ ਨੇ ਲਾਏ ਗੰਭੀਰ ਦੋਸ਼

Global Team
2 Min Read

ਨਿਊਜ ਡੈਸਕ : ਅਮਰੀਕਾ ਵਿੱਚ ਭਾਰਤੀ ਮੂਲ ਦੇ ਉੱਘੇ ਵਕੀਲ ਹਰਮੀਤ ਢਿੱਲੋਂ ਰਿਪਬਲਿਕਨ ਨੈਸ਼ਨਲ ਕਮੇਟੀ (ਆਰਐਨਸੀ) ਦੀ ਚੇਅਰਵੂਮੈਨ ਦੇ ਅਹੁਦੇ ਦੀ ਦੌੜ ਵਿੱਚ ਹਨ। ਇਸ ਦੌਰਾਨ ਹਰਮੀਤ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਸਿੱਖ ਧਰਮ ਵਿੱਚ ਵਿਸ਼ਵਾਸ ਹੋਣ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਮੀਤ ਢਿੱਲੋਂ ਨੇ ਦੋਸ਼ ਲਾਇਆ ਕਿ ਉਸ ਦੀ ਧਾਰਮਿਕ ਆਸਥਾ ਕਾਰਨ ਰਿਪਬਲਿਕਨ ਆਗੂਆਂ ਵੱਲੋਂ ਉਸ ’ਤੇ ਹਮਲੇ ਕੀਤੇ ਜਾ ਰਹੇ ਹਨ। ਹਾਲਾਂਕਿ, ਉਸਨੇ ਕਿਹਾ ਹੈ ਕਿ ਉਹ ਅਜਿਹੇ ਹਮਲਿਆਂ ਤੋਂ ਹਿੰਮਤ ਨਹੀਂ ਹਾਰੇਗੀ ਅਤੇ ਲੜਦੀ ਰਹੇਗੀ। ਦੱਸ ਦੇਈਏ ਕਿ ਹਰਮੀਤ ਢਿੱਲੋਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਸਾਬਕਾ ਕੋ-ਚੇਅਰ ਰਹਿ ਚੁੱਕੇ ਹਨ ਅਤੇ ਹੁਣ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਚੇਅਰਵੂਮੈਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਇਸ ਅਹੁਦੇ ਲਈ ਹਰਮੀਤ ਢਿੱਲੋਂ ਦਾ ਮੁਕਾਬਲਾ ਰੋਨਾ ਮੈਕਡੈਨੀਅਲ ਨਾਲ ਹੈ।

ਹਰਮੀਤ ਢਿੱਲੋਂ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਉਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਕੋਈ ਵੀ ਧਮਕੀ, ਕੱਟੜਪੰਥੀ ਹਮਲਾ ਉਸ ਨੂੰ ਜਾਂ ਉਸ ਦੀ ਟੀਮ ਨੂੰ ਰੋਕ ਨਹੀਂ ਸਕਦਾ। ਢਿੱਲੋਂ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਕਿ ਮੇਰੀ ਟੀਮ ਦੇ ਇੱਕ ਮੈਂਬਰ ਨੂੰ ਧਮਕੀਆਂ ਮਿਲੀਆਂ ਜਦੋਂ ਉਸਨੇ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਸਭ ਤੋਂ ਮਹਿੰਗੇ ਵਿਕਰੇਤਾ ਬਾਰੇ ਸਵਾਲ ਉਠਾਏ। ਰਿਪਬਲਿਕਨ ਨੈਸ਼ਨਲ ਕਮੇਟੀ ਦੇ ਚੇਅਰਪਰਸਨ ਦੀ ਚੋਣ 27 ਜਨਵਰੀ ਨੂੰ ਹੋਣੀ ਹੈ। ਦੱਸ ਦੇਈਏ ਕਿ ਰਿਪਬਲਿਕਨ ਨੈਸ਼ਨਲ ਕਮੇਟੀ ਇੱਕ ਸਿਆਸੀ ਕਮੇਟੀ ਹੈ, ਜੋ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਗਵਰਨਿੰਗ ਬਾਡੀ ਹੈ। ਰਿਪਬਲਿਕਨ ਪਾਰਟੀ ਨੂੰ ਇੱਕ ਬ੍ਰਾਂਡ ਵਜੋਂ ਅੱਗੇ ਵਧਾਉਂਦਾ ਹੈ ਅਤੇ ਪਾਰਟੀ ਫੰਡ ਇਕੱਠਾ ਕਰਨ ਅਤੇ ਚੋਣ ਰਣਨੀਤੀ ਬਣਾਉਣ ਦਾ ਕੰਮ ਕਰਦਾ ਹੈ।

 

Share this Article
Leave a comment