ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਿੱਤੀ ਅਜੀਬੋ ਗਰੀਬ ਸਲਾਹ, ਕਿਹਾ ਕੋਰੋਨਾ ਦੇ ਖਾਤਮੇ ਲਈ ਸੈਨੇਟਾਈਜ਼ਰ ਦੇ ਟੀਕੇ ਲਗਾਓ

TeamGlobalPunjab
3 Min Read

 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਹਮੇਸ਼ਾ ਆਪਣੇ ਬਿਆਨਾਂ ਨਾਲ ਸੁਰਖੀਆਂ ਵਿਚ ਬਣੇ ਰਹਿੰਦੇ ਹਨ ਆਪਣੇ ਇੱਕ ਹੈਰਾਨ ਕਰਨ ਵਾਲੇ ਬਿਆਨ ਕਾਰਨ ਸੁਰਖੀਆਂ ਵਿਚ ਆ ਗਏ ਹਨ। ਟਰੰਪ ਨੇ ਸਲਾਹ ਦਿੱਤੀ ਕਿ ਇਸ ਗੱਲ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਕਿ ਸਰੀਰ ਵਿੱਚ ਸੈਨੇਟਾਈਜ਼ਰ ਦੇ ਟੀਕੇ ਲਗਾਉਣ ਨਾਲ ਕੋਰੋਨਾ ਮਹਾਮਾਰੀ ਦਾ ਇਲਾਜ ਹੋ ਸਕਦਾ ਹੈ।  ਇਸ ਤੋਂ ਇਲਾਵਾ ਰਾਸ਼ਟਰਪਤੀ ਟਰੰਪ ਨੇ ਇਹ ਵੀ ਸੁਆਅ ਦਿੱਤਾ ਕਿ ਕਿਉਂ ਨਾ ਅਲਟਰਾਵਾਇਲਟ (ਯੂਵੀ) ਰੋਸ਼ਨੀ ਦੀ ਵਰਤੋਂ ਕਰਕੇ ਮਰੀਜ਼ਾਂ ਦੇ ਸਰੀਰ ‘ਚੋਂ ਕਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ। ਟਰੰਪ ਦੇ ਇਸ ਹੈਰਾਨ ਕਰ ਦੇਣ ਵਾਲੇ ਬਿਆਨ ਦੀ ਹਰ ਪਾਸੇ ਘੋਰ ਨਿੰਦਾ ਹੋਈ ਹੈ।

ਹੋਮਲੈਂਡ ਸਕਿਓਰਿਟੀ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਕੱਤਰ ਬਿੱਲ ਬ੍ਰਾਇਨ ਨੇ ਆਪਣੇ ਵਿਭਾਗ ਦੀ ਇੱਕ ਸਟੱਡੀ ਦਾ ਨਤੀਜਾ ਪੇਸ਼ ਕਰਦੇ ਹੋਏ ਕਿਹਾ ਕਿ ਸੂਰਜ ਦੀ ਰੌਸ਼ੂਨੀ ਤੇ ਨਮੀ ਦੀ ਕਮੀ ‘ਚ ਕੋਰੋਨਾ ਵਾਇਰਸ ਬਹੁਤ ਛੇਤੀ ਖਤਮ ਹੋ ਸਕਦਾ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਆਈਸੋਪ੍ਰੋਪਿਲ ਅਲਕੋਹਲ ਵੀ ਕੋਰੋਨਾ ਨੂੰ ਮਹਿਜ਼ 30 ਸਕਿੰਟ ‘ਚ ਖਤਮ ਕਰ ਸਕਦਾ ਹੈ।ਬਿੱਲ ਬ੍ਰਾਇਨ ਦੇ ਬਿਆਨ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਤਾਂ ਕੈਮਿਕਲਸ ਨੂੰ ਇੰਜੈਕਟ ਕਰਨ ਨਾਲ ਇਹ ਵਾਇਰਸ ਇੱਕ ਮਿੰਟ ‘ਚ ਖਤਮ ਹੋ ਸਕਦਾ ਹੈ। ਟਰੰਪ ਨੇ ਕਿਹਾ ਕਿ ਇਸ ਬਾਰੇ ਜਾਂਚ ਕਰਨੀ ਬੇਹੱਦ ਰੋਚਕ ਰਹੇਗੀ। ਟਰੰਪ ਦੇ ਬਿਆਨ ਤੋਂ ਬਾਅਦ ਸਿਹਤ ਵਿਭਾਗ ਦੇ ਮਾਹਿਰਾਂ ਨੇ ਲੋਕਾਂ ਨੂੰ ਕਿਹਾ ਕਿ ਅਜਿਹਾ ਕਰਨਾ ਬਿਲਕੁਲ ਗਲਤ ਹੈ ਤੇ ਸੈਨੇਟਾਈਜ਼ਰ ਬਹੁਤ ਜ਼ਹਿਰੀਲਾ ਪਦਾਰਥ ਹੈ ਤੇ ਇਸ ਦਾ ਟੀਕਾ ਲਗਾਉੇਣ ਨਾਲ ਜਾਨ ਨੂੰ ਖਤਰਾ ਹੋ ਸਕਦਾ ਹੈ।

ਕੋਲੰਬੀਆ ਯੂਨੀਵਰਸਿਟੀ ਮੈਡੀਕਲ ਸੈਂਟਰ ‘ਚ ਗਲੋਬਲ ਹੈਲਥ ਦੇ ਡਾਇਰੈਕਟਰ ਕ੍ਰੇਗ ਸਪੈਂਸਰ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਲੋਕ ਮਰ ਸਕਦੇ ਹਨ। ਇਸ ਲਈ ਅਜਿਹਾ ਕਰਨਾ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ। ਅਮਰੀਕੀ ਭੋਜਨ ਅਤੇ ਡਰੱਗ ਪ੍ਰਸ਼ਾਸਨ ਨੇ ਕੋਰੋਨਾ ਨੂੰ ਖਤਮ ਕਰਨ ਲਈ ਕਿਸੇ ਵੀ ਸੈਨੇਟਾਈਜ਼ਰ ਦੀ ਇੱਕ ਟੀਕੇ ਦੇ ਰੂਪ ‘ਚ ਵਰਤੋਂ ਨੂੰ ਗਲਤ ਦੱਸਿਆ ਹੈ ਤੇ ਇਸ ਬਾਰੇ ਬਕਾਇਦਾ ਚੇਤਾਵਨੀ ਵੀ ਦਿੱਤੀ ਹੈ।

ਦੱਸ ਦਈਏ ਕਿ ਅਮਰੀਕਾ ‘ਚ ਕੋਰੋਨਾ ਨਾਲ ਹੁਣ ਤੱਕ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਅਮਰੀਕਾ ‘ਚ ਹੁਣ ਤੱਕ 51 ਹਜ਼ਾਰ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਤੇ 8 ਲੱਖ ਤੋਂ ਵੱਧ ਲੋਕ ਇਸ ਦੀ ਲਪੇਟ ‘ਚ ਹਨ। ਜਦ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ 1 ਲੱਖ 90 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 27 ਲੱਖ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।

Share This Article
Leave a Comment