ਯੂਕਰੇਨ-ਰੂਸ ‘ਚ ਚੱਲ ਰਹੀ ਜੰਗ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਨਾਟੋ ਨਾਲ ਮੁਲਾਕਾਤ ਨੂੰ ਲੈ ਕੇ ਚਰਚਾ ਤੇਜ਼ ਹੋਣ ਲੱਗੀ ਹੈ। ਬਾਇਡਨ ਨੇ ਤਿੰਨ ਬੈਕ-ਟੂ-ਬੈਕ ਐਮਰਜੈਂਸੀ ਮੀਟਿੰਗਾਂ ਕੀਤੀਆਂ ਹਨ। ਇਸ ਨੂੰ ਰੂਸ ਲਈ ਬਹੁਤ ਮਾੜੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਨਾਟੋ ਨੇ ਰੂਸੀ ਸਰਹੱਦ ਨੇੜੇ ਅਭਿਆਸ ਤੇਜ਼ ਕਰ ਦਿੱਤਾ ਹੈ। ਪੱਛਮੀ ਦੇਸ਼ ਵੀ ਰੂਸ ਦੇ ਆਲੇ-ਦੁਆਲੇ ਆਪਣੀਆਂ ਫੌਜਾਂ ਦੀ ਤਾਇਨਾਤੀ ਵਧਾ ਰਹੇ ਹਨ। ਇਸ ਸਾਰੇ ਘਟਨਾਕ੍ਰਮ ਨੂੰ ਦੇਖਣ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁਝ ਵੱਡਾ ਹੋ ਸਕਦਾ ਹੈ।
ਦੱਸ ਦਈਏ ਕਿ ਵੀਰਵਾਰ ਨੂੰ ਬ੍ਰਸੇਲਜ਼ ‘ਚ ਨਾਟੋ ਨੇਤਾਵਾਂ ਨੇ ਬੈਠਕ ਕੀਤੀ ਹੈ। ਮੀਟਿੰਗ ਵਿੱਚ ਸਾਰਿਆਂ ਨੇ ਫੈਸਲਾ ਕੀਤਾ ਕਿ ਯੂਕਰੇਨ ਨੂੰ ਰੂਸ ਦੇ ਖਿਲਾਫ ਸੁਰੱਖਿਆ ਸਹਾਇਤਾ ਲਈ ਸਮਰਥਨ ਜਾਰੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਨਾਟੋ ਬਾਲਟਿਕ ਸਾਗਰ ਤੋਂ ਬਲੈਕ ਸਾਗਰ ਤੱਕ ਅੱਠ ਜੰਗੀ ਬੇੜੇ ਤਾਇਨਾਤ ਕਰਨ ਦੀ ਤਿਆਰੀ ਕਰ ਰਿਹਾ ਹੈ।ਇਸ ਬੈਠਕ ‘ਚ ਅਮਰੀਕੀ ਰਾਸ਼ਟਰਪਤੀ ਅਤੇ ਦੁਨੀਆ ਦੇ 30 ਦੇਸ਼ਾਂ ਦੇ ਮੁਖੀਆਂ ਵਿਚਾਲੇ ਲੰਬੀ ਗੱਲਬਾਤ ਹੋਈ।
ਦੱਸ ਦੇਈਏ ਕਿ ਨਾਟੋ ਦੇ 30 ਦੇਸ਼, ਜੀ-7 ਦੇ ਸੱਤ ਦੇਸ਼ ਅਤੇ ਯੂਰਪੀਅਨ ਯੂਨੀਅਨ ਦੇ 27 ਦੇਸ਼ ਮਿਲ ਕੇ ਪੁਤਿਨ ‘ਤੇ ਦਬਾਅ ਬਣਾਉਣਾ ਚਾਹੁੰਦੇ ਹਨ। ਨਾਟੋ ਰੂਸ ਨਾਲ ਖ਼ਤਰਾ ਨਹੀਂ ਲੈਣਾ ਚਾਹੁੰਦਾ। ਉਹ ਫ਼ੌਜੀ ਘੇਰਾਬੰਦੀ ਕਰਕੇ ਆਪਣੇ ਮੁਲਕਾਂ ਉੱਤੇ ਹਮਲੇ ਦੀ ਸੂਰਤ ਵਿੱਚ ਸਖ਼ਤ ਜਵਾਬੀ ਕਾਰਵਾਈ ਲਈ ਤਿਆਰ ਰਹਿਣਾ ਚਾਹੁੰਦਾ ਹੈ। ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲੇਨਬਰਗ ਨੇ ਉਮੀਦ ਪ੍ਰਗਟਾਈ ਹੈ ਕਿ ਪੂਰਬੀ ਸਰਹੱਦ ‘ਤੇ ਆਪਣੀ ਜ਼ਮੀਨ, ਪਾਣੀ ਅਤੇ ਹਵਾ ‘ਚ ਬਲਾਂ ਦੀ ਗਿਣਤੀ ਵਧਾਉਣ ‘ਤੇ ਕੋਈ ਇਤਰਾਜ਼ ਨਹੀਂ ਕਰੇਗਾ। ਪਹਿਲੇ ਪੜਾਅ ਵਿੱਚ, ਚਾਰ ਨਾਟੋ ਜੰਗੀ ਸਮੂਹ ਬੁਲਗਾਰੀਆ, ਰੋਮਾਨੀਆ, ਹੰਗਰੀ, ਸਲੋਵਾਕੀਆ ਨੂੰ ਭੇਜੇ ਜਾਣਗੇ।
ਅਮਰੀਕਾ ਵਿਚ ਰੂਸ ਦੇ ਉਪ ਰਾਜਦੂਤ ਦਮਿਤਰੀ ਪੋਲਾਂਸਕੀ ਨੇ ਕਿਹਾ ਸੀ ਕਿ ਜੇਕਰ ਨਾਟੋ ਨੇ ਉਕਸਾਇਆ ਤਾਂ ਪੁਤਿਨ ਪ੍ਰਮਾਣੂ ਹਮਲਾ ਕਰ ਸਕਦੇ ਹਨ। ਇਸ ਤੋਂ ਪਹਿਲਾਂ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਯੂਕਰੇਨ ‘ਤੇ ਪ੍ਰਮਾਣੂ ਹਮਲੇ ਦੀ ਗੱਲ ਕਹੀ ਸੀ। ਯੂਕਰੇਨ ਨੂੰ ਲੈ ਕੇ 24 ਘੰਟਿਆਂ ‘ਚ ਰੂਸ ਵੱਲੋਂ ਪਰਮਾਣੂ ਹਮਲੇ ਦੀਆਂ ਦੋ ਧਮਕੀਆਂ ਦਿੱਤੀਆਂ ਗਈਆਂ ਹਨ। ਦਮਿਤਰੀ ਪੋਲਿਆਂਸਕੀ ਨੇ ਕਿਹਾ ਹੈ ਕਿ ਜੇਕਰ ਨਾਟੋ ਰੂਸ ਨੂੰ ਉਕਸਾਉਂਦਾ ਹੈ ਤਾਂ ਸਾਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦਾ ਅਧਿਕਾਰ ਹੈ।