ਅਮਰੀਕਾ ਦੀ ਸੰਸਦ ਨੇ ਜੰਮੂ ਕਸ਼ਮੀਰ ਦੀ ਸਥਿਤੀ ‘ਤੇ ਗੰਭੀਰਤਾ ਪ੍ਰਗਟ ਕਰਦਿਆਂ ਇਸਲਾਮਾਬਾਦ ਅਤੇ ਦਿੱਲੀ ਅੰਦਰ ਮੌਜੂਦ ਆਪਣੇ ਰਾਜਦੂਤਾਂ ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਵਧ ਰਿਹਾ ਤਣਾਅ ਘਟਾਉਣ ਦੀ ਕੋਸ਼ਿਸ਼ ਕਰਨ ਲਈ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਕਾਰ ਤਣਾਅ ਬਹੁਤ ਵਧ ਗਿਆ ਹੈ ਅਤੇ ਦੋਵਾਂ ਦੇਸ਼ਾਂ ਨੇ ਆਪਣੇ ਵਪਾਰਕ ਸਬੰਧ ਵੀ ਰੋਕ ਲਏ ਹਨ। ਜਿਸ ਤੋਂ ਬਾਅਦ ਅਮਰੀਕਾ ਦੀ ਸੰਸਦ ਨੇ ਆਪਣੇ ਰਾਜਦੂਤਾਂ ਨੂੰ ਇਹ ਅਪੀਲ ਕੀਤੀ ਹੈ।
ਜਾਣਕਾਰੀ ਮੁਤਾਬਿਕ ਇਸ ਸਬੰਧੀ ਸੰਸਦ ਵੱਲੋਂ ਸ਼ੁਕਰਵਾਰ ਨੂੰ ਭਾਰਤ ਅੰਦਰ ਆਪਣੇ ਰਾਜਦੂਤ ਕੇਨੇਥ ਜਸਟਰ ਅਤੇ ਪਾਕਿਸਤਾਨ ਅੰਦਰ ਆਪਣੇ ਰਾਜਦੂਤ ਪਾਲ ਡਬਲਿਊ ਜੋਨਸ ਨੂੰ ਪੱਤਰ ਲਿਖ ਕੇ ਕਿਹਾ ਹੈ ਦੋਵਾਂ ਦੇਸ਼ਾਂ ਵਿਚਕਾਰ ਇਹ ਵਧ ਰਿਹਾ ਤਣਾਅ ਵਿਸ਼ਵ ਸ਼ਾਂਤੀ ਲਈ ਖਤਰਾ ਹੋ ਸਕਦਾ ਹੈ। ਉਨ੍ਹਾਂ ਪੱਤਰ ਵਿੱਚ ਕਿਹਾ ਕਿ ਦੋਵੇਂ ਹੀ ਦੇਸ਼ ਉਨ੍ਹਾਂ ਦੇ ਮਹੱਤਵਪੂਰਨ ਸਹਿਯੋਗੀ ਹਨ। ਜਾਣਕਾਰੀ ਮੁਤਾਬਿਕ ਇਸ ਪੱਤਰ ‘ਤੇ ਅਮਰੀਕੀ ਸੰਸਦ ਦੇ ਮੈਂਬਰ ਇਲਹਾਨ ਉਮਰ, ਰਾਉਲ ਐਮ ਗਰਿਜਲਵਾ, ਐਂਡੀ ਲੇਵਿਨ, ਜੇਮਜ਼ ਪੀ ਮੈਕਕੁਆਰਨ, ਟੇਡ ਲਿਊ ਅਤੇ ਐਲਨ ਲਵੈਂਥਲ ਵੱਲੋਂ ਦਸਤਖਤ ਕੀਤੇ ਗਏ ਹਨ।