ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਸਮੇਂ ਬ੍ਰਿਟੇਨ ਦੇ ਦੌਰੇ ’ਤੇ ਹਨ। ਇਸ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਕਰੀਬ ਹਨ। ਟਰੰਪ ਨੇ ਕਿਹਾ, “ਮੈਂ ਭਾਰਤ ਅਤੇ ਪੀਐਮ ਮੋਦੀ ਦੇ ਬਹੁਤ ਕਰੀਬ ਹਾਂ, ਸਾਡੇ ਵਿਚ ਬਹੁਤ ਚੰਗੀ ਦੋਸਤੀ ਹੈ।” ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਟਰੰਪ ਨੇ ਯੂਰਪ ਦੀ ਧਰਤੀ ’ਤੇ ਖੜ੍ਹੇ ਹੋ ਕੇ ਰੂਸੀ ਤੇਲ ਖਰੀਦਣ ਲਈ ਯੂਰਪੀ ਦੇਸ਼ਾਂ ਦੀ ਆਲੋਚਨਾ ਕੀਤੀ।
ਯੂਰਪੀ ਦੇਸ਼ਾਂ ’ਤੇ ਟਰੰਪ ਦੀ ਆਲੋਚਨਾ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਨਾਲ ਖੜ੍ਹੇ ਟਰੰਪ ਨੇ ਦਲੀਲ ਦਿੱਤੀ ਕਿ ਜੇਕਰ ਯੂਰਪ ਇਸੇ ਤਰ੍ਹਾਂ ਰੂਸ ਤੋਂ ਤੇਲ ਖਰੀਦਦਾ ਰਿਹਾ ਤਾਂ ਇਹ ਮਾਸਕੋ ਨੂੰ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦਾ ਹੈ। ਟਰੰਪ ਨੇ ਯੂਰਪੀ ਦੇਸ਼ਾਂ ਦੀ ਆਲੋਚਨਾ ਕਰਦਿਆਂ ਕਿਹਾ, “ਮੈਨੂੰ ਜਾਣਕਾਰੀ ਹੈ ਕਿ ਯੂਰਪੀ ਦੇਸ਼ ਵੱਡੀ ਮਾਤਰਾ ਵਿੱਚ ਰੂਸ ਤੋਂ ਤੇਲ ਖਰੀਦ ਰਹੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ, ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੇ ਬਹੁਤ ਨੇੜੇ ਹਾਂ। ਮੈਂ ਪਿਛਲੇ ਦਿਨੀਂ ਉਨ੍ਹਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਾਡੇ ਵਿਚਕਾਰ ਬਹੁਤ ਚੰਗੇ ਸਬੰਧ ਹਨ। ਪਰ, ਤੁਸੀਂ ਜਾਣਦੇ ਹੋ ਕਿ ਮੈਂ ਉਨ੍ਹਾਂ ’ਤੇ ਵੀ ਟੈਰਿਫ ਲਗਾਏ ਹਨ।”
‘ਰੂਸ ਕਰ ਲਵੇਗਾ ਸਮਝੌਤਾ’
ਟਰੰਪ ਨੇ ਅੱਗੇ ਕਿਹਾ, “ਇਸ ਸਮੇਂ ਚੀਨ ਵੀ ਅਮਰੀਕਾ ਨੂੰ ਵੱਡੀ ਮਾਤਰਾ ਵਿੱਚ ਟੈਰਿਫ ਦੇ ਰਿਹਾ ਹੈ। ਮੈਂ ਹੋਰ ਵੀ ਕੁਝ ਕਰਨ ਲਈ ਤਿਆਰ ਹਾਂ… ਪਰ ਉਦੋਂ ਨਹੀਂ ਜਦੋਂ ਉਹ (ਯੂਰਪੀ ਦੇਸ਼), ਜਿਨ੍ਹਾਂ ਲਈ ਮੈਂ ਲੜ ਰਿਹਾ ਹਾਂ, ਰੂਸ ਤੋਂ ਤੇਲ ਖਰੀਦ ਰਹੇ ਹਨ। ਜੇਕਰ ਤੇਲ ਦੀਆਂ ਕੀਮਤਾਂ ਘੱਟ ਹੁੰਦੀਆਂ ਹਨ ਤਾਂ ਰੂਸ ਆਸਾਨੀ ਨਾਲ ਸਮਝੌਤਾ ਕਰ ਲਵੇਗਾ।”
ਟੈਰਿਫ ਵਿੱਚ ਕਮੀ ਦੀ ਉਮੀਦ
ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਨੂੰ ਲੈ ਕੇ ਚੱਲ ਰਹੇ ਤਣਾਅ ਵਿੱਚ ਹੁਣ ਕਮੀ ਦੀ ਉਮੀਦ ਜਤਾਈ ਜਾ ਰਹੀ ਹੈ। ਅਮਰੀਕਾ ਜਲਦੀ ਹੀ ਭਾਰਤ ’ਤੇ ਲਗਾਏ ਗਏ ਟੈਰਿਫ ਨੂੰ ਵਾਪਸ ਲੈ ਸਕਦਾ ਹੈ। ਵੀਰਵਾਰ ਨੂੰ ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਦੱਸਿਆ ਕਿ ਕੁਝ ਆਯਾਤਾਂ ’ਤੇ ਲਗਾਇਆ ਗਿਆ ਸ਼ੁਲਕ 30 ਨਵੰਬਰ ਤੋਂ ਬਾਅਦ ਵਾਪਸ ਲੈ ਲਿਆ ਜਾਵੇਗਾ।