ਅਮਰੀਕਾ : ਅਮਰੀਕਾ ਵਿੱਚ 43 ਦਿਨਾਂ ਤੋਂ ਚੱਲ ਰਿਹਾ ਸਰਕਾਰੀ ਸ਼ਟਡਾਊਨ ਆਖਰਕਾਰ ਖਤਮ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇੱਕ ਸਰਕਾਰੀ ਫੰਡਿੰਗ ਬਿੱਲ ‘ਤੇ ਦਸਤਖਤ ਕੀਤੇ, ਜਿਸ ਨਾਲ 43 ਦਿਨਾਂ ਤੋਂ ਚੱਲ ਰਿਹਾ ਸ਼ਟਡਾਊਨ ਖਤਮ ਹੋ ਗਿਆ। ਇਸ ਬਿੱਲ ਨੂੰ ਪ੍ਰਤੀਨਿਧੀ ਸਭਾ ਨੇ 222-209 ਦੇ ਫਰਕ ਨਾਲ ਪਾਸ ਕਰ ਦਿੱਤਾ। ਵ੍ਹਾਈਟ ਹਾਊਸ ਨੇ ਵੀ ਪੁਸ਼ਟੀ ਕੀਤੀ ਹੈ ਕਿ ਡੋਨਾਲਡ ਟਰੰਪ ਨੇ ਬਿੱਲ ‘ਤੇ ਦਸਤਖਤ ਕਰ ਦਿੱਤੇ ਹਨ। ਸਰਕਾਰੀ ਕੰਮਕਾਜ ਹੁਣ ਰਸਮੀ ਤੌਰ ‘ਤੇ ਸ਼ੁਰੂ ਹੋ ਜਾਵੇਗਾ। ਇਹ ਨਾ ਸਿਰਫ਼ ਅਮਰੀਕਾ ਦੇ GDP ਲਈ ਚੰਗੀ ਖ਼ਬਰ ਹੈ, ਸਗੋਂ ਅਮਰੀਕਾ ਦੇ 40 ਮਿਲੀਅਨ ਤੋਂ ਵੱਧ ਲੋਕਾਂ ਲਈ ਵੀ ਇੱਕ ਵੱਡੀ ਰਾਹਤ ਹੈ।
ਸਰਕਾਰੀ ਸ਼ਟਡਾਊਨ ਦਾ ਕਾਰਨ ਅਮਰੀਕੀ ਸੈਨੇਟ ਵਿੱਚ ਸਰਕਾਰੀ ਖਰਚ ਬਿੱਲ ‘ਤੇ ਸਹਿਮਤੀ ਨਾ ਬਣ ਸਕਣਾ ਸੀ। ਸੈਨੇਟ ਮੈਂਬਰਾਂ ਨੇ ਇਸਨੂੰ 14 ਵਾਰ ਰੱਦ ਕਰ ਦਿੱਤਾ, ਜਿਸ ਕਾਰਨ ਸ਼ਟਡਾਊਨ ਦੀ ਨੌਬਤ ਆ ਗਈ ਅਮਰੀਕਾ ਵਿੱਚ ਪਿਛਲੇ 6 ਹਫ਼ਤਿਆਂ ਤੋਂ ਸ਼ਟਡਾਊਨ ਨੂੰ ਲੈ ਕੇ ਡੈੱਡਲਾਕ ਚੱਲ ਰਿਹਾ ਸੀ, ਜਿਸਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ, ਪਰ ਇਸ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਚ ਸਮਾਂ ਲੱਗੇਗਾ। 43 ਦਿਨਾਂ ਦੇ ਸ਼ਟਡਾਊਨ ਦੌਰਾਨ, ਹਜ਼ਾਰਾਂ ਸਰਕਾਰੀ ਕਰਮਚਾਰੀ ਬਿਨਾਂ ਤਨਖਾਹ ਦੇ ਘਰ ਬੈਠੇ ਰਹੇ। ਬਹੁਤ ਸਾਰੀਆਂ ਜਨਤਕ ਸੇਵਾਵਾਂ ਠੱਪ ਹੋ ਗਈਆਂ, ਪਾਸਪੋਰਟ ਅਤੇ ਵੀਜ਼ਾ ਪ੍ਰਕਿਰਿਆ ਵਰਗੀਆਂ ਸੇਵਾਵਾਂ ਵਿੱਚ ਦੇਰੀ ਹੋਈ, ਅਤੇ ਦੇਸ਼ ਦੀ ਆਰਥਿਕ ਗਤੀਵਿਧੀ ਪ੍ਰਭਾਵਿਤ ਹੋਈ। ਸ਼ਟਡਾਊਨ ਨਾਲ ਏਅਰਲਾਈਨਾਂ ਵਿੱਚ ਵਿਘਨ ਪਿਆ ਅਤੇ ਭੋਜਨ ਸਹਾਇਤਾ ਵਿੱਚ ਵੀ ਦੇਰੀ ਹੋਈ।
ਦੱਸ ਦਈਏ ਕਿ ਕੁਝ ਡੈਮੋਕ੍ਰੇਟਿਕ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਉਹ ACA ਸਬਸਿਡੀ ਵਾਲੇ ਟੈਕਸ ਕ੍ਰੈਡਿਟ ਦਾ ਵਿਸਥਾਰ ਕਰਨ ਲਈ ਲੜਾਈ ਜਾਰੀ ਰੱਖਣਗੇ। ਬੁੱਧਵਾਰ ਰਾਤ ਨੂੰ ਹਾਊਸ ਵੱਲੋਂ ਫੰਡਿੰਗ ਬਿੱਲ ਪਾਸ ਕਰਨ ਤੋਂ ਬਾਅਦ, ਡੈਮੋਕ੍ਰੇਟਿਕ ਲੀਡਰ ਹਕੀਮ ਜੈਫਰੀਜ਼, ਵ੍ਹਿਪ ਕੈਥਰੀਨ ਕਲਾਰਕ ਅਤੇ ਕਾਕਸ ਚੇਅਰ ਪੀਟ ਐਗੁਇਲਰ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਗਰੀਬ ਅਤੇ ਮੱਧ ਵਰਗ ਦੇ ਅਮਰੀਕੀਆਂ ਲਈ ਸਿਹਤ ਬੀਮਾ ਕਿਫਾਇਤੀ ਬਣਾਉਣ ਵਾਲੇ ਇਨ੍ਹਾਂ ਕ੍ਰੈਡਿਟਾਂ ਨੂੰ ਤਿੰਨ ਸਾਲਾਂ ਲਈ ਵਧਾਉਣ ਲਈ ਲੜਨਗੇ।ਹਕੀਮ ਜੈਫਰੀਜ਼ ਨੇ ਕਿਹਾ “ਇਹ ਲੜਾਈ ਅਜੇ ਖਤਮ ਨਹੀਂ ਹੋਈ।” ਰਿਪਬਲਿਕਨ ਪਾਰਟੀ ਅਤੇ ਡੈਮੋਕ੍ਰੇਟਿਕ ਪਾਰਟੀ ਵਿਚਕਾਰ ਸ਼ਟਡਾਊਨ ਖਤਮ ਕਰਨ ਲਈ ਹੋਏ ਸਮਝੌਤੇ ਦੇ ਤਹਿਤ, 31 ਜਨਵਰੀ, 2026 ਤੱਕ ਕੰਮ ਬਿਨਾਂ ਕਿਸੇ ਰੁਕਾਵਟ ਦੇ ਸੰਭਵ ਹੋਵੇਗਾ।

