ਟਰੰਪ ਨੇ ਆਪਣੀ ਜਿੱਤ ਦਾ ਕੀਤਾ ਐਲਾਨ, ਮੋਦੀ ਨੇ ਦਿੱਤੀ ਵਧਾਈ… ‘ਦਿਲੋਂ ਮੁਬਾਰਕਾਂ ਮੇਰੇ ਦੋਸਤ’

Global Team
3 Min Read

ਵਾਸ਼ਿੰਗਟਨ: ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਚ ਡੋਨਲਡ ਟਰੰਪ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਬਹੁਮਤ ਦਾ ਅੰਕੜਾ ਹਾਸਲ ਕਰ ਲਿਆ ਹੈ। ਉਹ ਹੁਣ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨਗੇ। ਸਰਕਾਰ ਬਣਾਉਣ ਲਈ 270 ਇਲੈਕਟਰੋਲ ਵੋਟਾਂ ਦੀ ਜ਼ਰੂਰਤ ਸੀ ਤੇ ਟਰੰਪ ਨੂੰ 277 ਇਲੈਕਟਰੋਲ ਵੋਟਾਂ ਮਿਲੀਆਂ ਹਨ। ਉੱਥੇ ਹੀ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੂੰ 226 ਸੀਟਾਂ ਹਾਸਲ ਹੋਈਆਂ ਹਨ।

ਅਮਰੀਕੀ ਚੋਣਾਂ ਜਿੱਤਣ ਤੋਂ ਬਾਅਦ 47ਵੇਂ ਰਾਸ਼ਟਰਪਤੀ ਬਣਨ ਜਾ ਰਹੇ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਲੋਕਾਂ ਦਾ ਧੰਨਵਾਦ। ਅਜਿਹਾ ਨਜ਼ਾਰਾ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਅਸੀਂ ਆਪਣੀ ਸਰਹੱਦ ਨੂੰ ਮਜ਼ਬੂਤ ​​ਕਰਾਂਗੇ। ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਣ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾਂ ਦੇਸ਼ ਲਈ ਕੰਮ ਕਰਾਂਗਾ।

ਟਰੰਪ ਨੇ ਸਵਿੰਗ ਸਟੇਟ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਪਰਿਵਾਰ ਅਤੇ ਭਵਿੱਖ ਲਈ ਲੜਾਂਗਾ। ਸਾਨੂੰ ਸਵਿੰਗ ਸਟੇਟ ਦੇ ਵੋਟਰਾਂ ਦਾ ਵੀ ਸਮਰਥਨ ਮਿਲਿਆ ਹੈ। ਉਨਾਂ ਨੇ ਕਿਹਾ ਕਿ ਅਗਲੇ ਚਾਰ ਸਾਲ ਅਮਰੀਕਾ ਲਈ ਸੁਨਹਿਰੀ ਹੋਣ ਵਾਲੇ ਹਨ। ਜਨਤਾ ਨੇ ਸਾਨੂੰ ਬਹੁਤ ਮਜ਼ਬੂਤ ​​ਫਤਵਾ ਦਿੱਤਾ ਹੈ। ਟਰੰਪ ਨੇ ਕਿਹਾ ਕਿ ਮੈਂ ਅਮਰੀਕੀ ਲੋਕਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਭਵਿੱਖ ਲਈ ਲੜਾਂਗਾ। ਅਗਲੇ 4 ਸਾਲ ਅਮਰੀਕਾ ਲਈ ਅਹਿਮ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਅੱਗੇ ਚੱਲ ਰਹੇ ਡੌਨਲਡ ਟਰੰਪ ਦੀ ਜਿੱਤ ’ਤੇ ਮੁਬਾਰਕਬਾਦ ਦਿੱਤੀ ਹੈ।

ਉਨ੍ਹਾਂ ਨੇ ਆਪਣੇ ਐਕਸ ਹੈਂਡਲ ’ਤੇ ਡੌਨਲਡ ਟਰੰਪ ਨੂੰ ਟੈਗ ਕਰਦਿਆਂ ਲਿਖਿਆ, “ਤੁਹਾਡੀ ਇਤਿਹਾਸਕ ਜਿੱਤ ’ਤੇ ਦਿਲੋਂ ਮੁਬਾਰਕਾਂ ਮੇਰੇ ਦੋਸਤ ਡੌਨਲਡ ਟਰੰਪ। ਮੈਂ ਭਾਰਤ-ਅਮਰੀਕਾ ਦੀ ਵਿਸ਼ਵ ਵਿਆਪਕ ਅਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਡੇ ਸਹਿਯੋਗ ਨੂੰ ਨਵਿਆਉਣ ਦੀ ਉਮੀਦ ਕਰਦਾ ਹਾਂ। ਆਓ ਮਿਲ ਕੇ ਆਪਣੇ ਲੋਕਾਂ ਦੀ ਬਿਹਤਰੀ ਲਈ ਅਤੇ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰੀਏ।”

Share This Article
Leave a Comment