ਵਾਸ਼ਿੰਗਟਨ: ਅਮਰੀਕਾ ਦੇ 46ਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਆਪਣੇ ਇਰਾਦੇ ਸਾਫ ਕਰ ਦਿੱਤੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਅਮਰੀਕਾ ਦੇ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਬਾਇਡਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਕੋਰੋਨਾ ਦੇ ਪ੍ਰਭਾਵ ਨੂੰ ਖ਼ਤਮ ਕਰਨ ਅਤੇ ਮਾਲੀ ਹਾਲਤ ਨੂੰ ਪਟੜੀ ‘ਤੇ ਲਿਆਉਣ ‘ਚ ਕਾਮਯਾਬ ਹੋਣਗੇ।
ਬਾਇਡਨ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਣ ਲਈ ਕਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਹੋ ਸਕਦਾ ਹੈ ਕਿ ਇਸ ਨਾਲ ਤੁਹਾਡੇ ਬੱਚਿਆਂ ਦੇ ਅਧਿਆਪਕਾਂ ਦੀ ਜ਼ਿੰਦਗੀ ਬਚ ਜਾਵੇ ਜਾਂ ਤੁਹਾਡੇ ਆਸ ਪਾਸ ਦੇ ਮੈਂਬਰ ਸੁਰੱਖਿਅਤ ਹੋ ਜਾਣ। ਇਸ ਲਈ ਕਿਰਪਾ ਕਰਕੇ ਮਾਸਕ ਪਹਿਨੋ ਆਪਣੇ ਲਈ ਆਪਣੇ ਆਸ ਪਾਸ ਦੇ ਲੋਕਾਂ ਲਈ।
ਉਨ੍ਹਾਂ ਨੇ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਕੋਈ ਸਿਆਸੀ ਬਿਆਨ ਨਹੀਂ ਹੈ ਸਗੋਂ ਇਸ ਨਾਲ ਦੇਸ਼ ਨੂੰ ਇਕਜੁੱਟ ਕਰਨ ਵਿਚ ਇਕ ਚੰਗੀ ਸ਼ੁਰੂਆਤ ਮਿਲੇਗੀ। ਬਾਇਡਨ ਨੇ ਕਿਹਾ ਕਿ ਉਹ 20 ਜਨਵਰੀ ਤੋਂ ਪਹਿਲਾਂ ਰਾਸ਼ਟਰਪਤੀ ਨਹੀਂ ਬਣਨਗੇ ਤੇ ਇਸ ਇਸ ਨਾਲ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਨੂੰ ਵੋਟ ਦਿੱਤੀ, ਤੁਸੀਂ ਕਿਸ ਨੂੰ ਪਸੰਦ ਕਰਦੇ ਹੋ, ਤੁਹਾਡੀ ਵਿਚਾਰਧਾਰਾ ਕੀ ਹੈ ਪਰ ਤੁਹਾਡੇ ਮਾਸਕ ਪਹਿਨਣ ਨਾਲ ਅਸੀਂ ਹਜ਼ਾਰਾਂ ਲੱਖਾਂ ਅਮਰੀਕੀਆਂ ਦੀਆਂ ਜ਼ਿੰਦਗੀਆਂ ਬਚਾ ਸਕਦੇ ਹਾਂ।