ਵਾਸ਼ਿੰਗਟਨ : ਕੋਵਿਡ-19 ਦੇ ਸੰਕਟ ਦੌਰਾਨ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਪੂਰੇ ਜ਼ੋਰਾ ‘ਤੇ ਚੱਲ ਰਹੀ ਹੈ। ਇਸ ਦੌਰਾਨ ਰਿਪਬਲਿਕਨ ਪਾਰਟੀ ਦੇ ਕੌਮੀ ਸੰਮੇਲਨ ਦੇ ਪਹਿਲੇ ਦਿਨ ਜੋ ਪ੍ਰਮੁੱਖ ਸਿਆਸੀ ਆਗੂਆਂ ਨੂੰ ਸੰਬੋਧਨ ਕਰਨਗੇ, ਉਨ੍ਹਾਂ ‘ਚ ਭਾਰਤੀ ਮੂਲ ਦੀ ਨਿੱਕੀ ਹੇਲੀ ਵੀ ਹੋਵੇਗੀ। ਸਾਊਥ ਕੈਰੋਲੀਨਾ ਦੀ ਦੋ ਵਾਰ ਗਵਰਨਰ ਰਹੀ ਹੇਲੀ ਇਕਲੌਤੀ ਭਾਰਤੀ ਮੂਲ ਦੀ ਅਮਰੀਕੀ ਆਗੂ ਹਨ, ਜਿਨ੍ਹਾਂ ਨੂੰ ਬੁਲਾਰਿਆਂ ਦੀ ਸੂਚੀ ‘ਚ ਸਥਾਨ ਦਿੱਤਾ ਗਿਆ ਹੈ। ਸਾਊਥ ਕੈਰੋਲੀਨਾ ‘ਚ ਜੰਮੀ ਨਿੱਕੀ ਹੇਲੀ ਦਾ ਮੂਲ ਨਾਂ ਨਿਮਰਤਾ ਰੰਧਾਵਾ ਹੈ। ਉਨ੍ਹਾਂ ਦੇ ਪਿਤਾ ਅਜੀਤ ਸਿੰਘ ਰੰਧਾਵਾ ਤੇ ਮਾਤਾ ਰਾਜ ਕੌਰ ਰੰਧਾਵਾ ਪੰਜਾਬ ਦੇ ਅੰਮ੍ਰਿਤਸਰ ਦੇ ਵਸਨੀਕ ਸਨ।
ਨਿੱਕੀ ਹੇਲੀ ਤੋਂ ਇਲਾਵਾ ਸੰਮੇਲਨ ਦੇ ਪਹਿਲੇ ਦਿਨ ਰਾਸ਼ਟਰਪਤੀ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਤੇ ਕਿੰਬਰਲੀ ਗੁਇਲਫਾਇਲ ਵੀ ਲੋਕਾਂ ਨੂੰ ਸੰਬੋਧਨ ਕਰੇਗੀ। ਪ੍ਰਥਮ ਮਹਿਲਾ ਮੈਲਾਨੀਆ ਟਰੰਪ ਸੰਮੇਲਨ ਨੂੰ ਵ੍ਹਾਈਟ ਹਾਊਸ ਸਥਿਤ ਰੋਜ਼ ਗਾਰਡਨ ਤੋਂ ਬੁੱਧਵਾਰ ਨੂੰ ਸੰਬੋਧਨ ਕਰੇਗੀ। ਅਜਿਹਾ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ‘ਚ ਪਹਿਲੀ ਵਾਰ ਹੋਵੇਗਾ।
ਪਾਰਟੀ ‘ਚ ਹੇਲੀ ਦੇ ਕੱਦ ਦਾ ਅੰਦਾਜ਼ਾ ਇਸੇ ਤੋਂ ਲਿਆਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਟਰੰਪ ਤੋਂ ਬਾਅਦ ਸੰਭਾਵਿਤ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਮੰਨਿਆ ਜਾ ਰਿਹਾ ਹੈ। ਚਾਰ ਦਿਨਾਂ ਕੌਮੀ ਸੰਮੇਲਨ ਦੌਰਾਨ 77 ਸਾਲਾ ਟਰੰਪ ਨੂੰ ਗ਼ੈਰ-ਰਸਮੀ ਤੌਰ ‘ਤੇ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇਗਾ। ਵ੍ਹਾਈਟ ਹਾਊਸ ਦੇ ਸਾਊਥ ਲਾਨ ਤੋਂ ਵੀਰਵਾਰ ਨੂੰ ਟਰੰਪ ਦੇ ਭਾਸ਼ਣ ਨਾਲ ਹੀ ਸੰਮੇਲਨ ਦੀ ਸਮਾਪਤੀ ਹੋਵੇਗੀ। ਉਥੇ, ਉਪ ਰਾਸ਼ਟਰਪਤੀ ਮਾਈਕ ਪੈਂਸ ਨੂੰ ਵੀ ਗ਼ੈਰ-ਰਸਮੀ ਤੌਰ ‘ਤੇ ਰਿਪਬਲਿਕਨ ਪਾਰਟੀ ਵੱਲੋਂ ਦੁਬਾਰਾ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇਗਾ। ਡੈਮੋਕ੍ਰੈਟਿਕ ਪਾਰਟੀ ਦੇ ਕੌਮੀ ਸੰਮੇਲਨ ਦੀ ਤਰ੍ਹਾਂ ਇਹ ਸੰਮੇਲਨ ਵੀ ਵੀਡੀਓ ਕਾਨਫਰੰਸ ਰਾਹੀਂ ਹੋਣ ਦੀ ਉਮੀਦ ਹੈ।
ਦੱਸ ਦਈਏ ਕਿ ਦੋਵੇਂ ਪਾਰਟੀਆਂ ਵੱਲੋਂ ਭਾਰਤੀ-ਅਮਰੀਕੀਆਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਥੇ ਡੈਮੋਕਰੇਟਿਕ ਪਾਰਟੀ ਨੇ ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਦਾ ਉਮੀਦਵਾਰ ਬਣਾ ਕੇ ਭਾਰਤੀ-ਅਮਰੀਕੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ ਰਿਪਬਲੀਕਨ ਪਾਰਟੀ ਨੇ ਪਾਰਟੀ ਦੇ ਕੌਮੀ ਸੰਮੇਲਨ ਦੇ ਪਹਿਲੇ ਦਿਨ ਭਾਰਤੀ ਮੂਲ ਦੀ ਨਿੱਕੀ ਹੈਲੇ ਨੂੰ ਸਟਾਰ ਬੁਲਾਰੇ ਵਜੋਂ ਸ਼ਾਮਲ ਕੀਤਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇਕ ਦਿਨ ਪਹਿਲਾਂ, ਟਰੰਪ ਨੇ ਭਾਰਤ ਦੇ ਲੋਕਾਂ ਨੂੰ ਲੁਭਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀਡੀਓ ਸਾਂਝਾ ਕੀਤੀ ਹੈ।