ਅੱਤਵਾਦ ਦੇ ਖਿਲਾਫ ਭਾਰਤ-ਅਮਰੀਕਾ ਇਕੱਠੇ: ਪਹਿਲਗਾਮ ਹਮਲਾ ਕਰਨ ਵਾਲੇ TRF ‘ਤੇ ਅਮਰੀਕਾ ਦੀ ਵੱਡੀ ਕਾਰਵਾਈ

Global Team
3 Min Read

ਨਿਊਜ਼ ਡੈਸਕ: ਅਮਰੀਕਾ ਨੇ ‘ਦ ਰੇਜ਼ਿਸਟੈਂਸ ਫਰੰਟ’ (TRF) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਇਸ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਅਮਰੀਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਅਤੇ ਅਮਰੀਕਾ ਅੱਤਵਾਦ ਦੇ ਖਿਲਾਫ ਇਕੱਠੇ ਖੜ੍ਹੇ ਹਨ। ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਐਕਸ ‘ਤੇ ਪੋਸਟ ਸਾਂਝੀ ਕਰਕੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੁਬੀਓ ਦੀ ਸ਼ਲਾਘਾ ਵੀ ਕੀਤੀ।

ਐਸ. ਜੈਸ਼ੰਕਰ ਨੇ ਐਕਸ ਪੋਸਟ ਵਿੱਚ ਲਿਖਿਆ, “ਭਾਰਤ-ਅਮਰੀਕਾ ਅੱਤਵਾਦ ਦੇ ਖਿਲਾਫ ਇਕੱਠੇ ਖੜ੍ਹੇ ਹਨ, ਇਸ ਦੀ ਮਜ਼ਬੂਤ ਪੁਸ਼ਟੀ ਹੋਈ ਹੈ। ਮਾਰਕੋ ਰੁਬੀਓ ਅਤੇ ਅਮਰੀਕਾ ਦਾ ਧੰਨਵਾਦ, ਜਿਨ੍ਹਾਂ ਨੇ ਲਸ਼ਕਰ-ਏ-ਤੋਇਬਾ (LeT) ਦੇ ਇੱਕ ਪ੍ਰਤੀਨਿਧੀ ਸੰਗਠਨ TRF ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (FTO) ਅਤੇ ਵਿਸ਼ੇਸ਼ ਤੌਰ ‘ਤੇ ਡੈਜ਼ਿਗਨੇਟਿਡ ਗਲੋਬਲ ਟੈਰੋਰਿਸਟ (SDGT) ਘੋਸ਼ਿਤ ਕੀਤਾ। ਇਸ ਨੇ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲਈ ਸੀ।”

ਕਈ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ TRF

TRF ਪਾਕਿਸਤਾਨ ਤੋਂ ਸੰਚਾਲਿਤ ਹੋਣ ਵਾਲੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਹੀ ਇੱਕ ਮੁਖੌਟਾ ਹੈ, ਜੋ ਹੁਣ ਤੱਕ ਕਈ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ। TRF ਨੇ ਪਹਿਲਗਾਮ ਵਿੱਚ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ, ਜਿਸ ਵਿੱਚ 26 ਸੈਲਾਨੀਆਂ ਦੀ ਜਾਨ ਗਈ ਸੀ। ਅਮਰੀਕਾ ਦੇ ਇਸ ਵੱਡੇ ਫੈਸਲੇ ਨਾਲ ਪਾਕਿਸਤਾਨ ਨੂੰ ਕਰਾਰਾ ਝਟਕਾ ਲੱਗੇਗਾ। ਪਾਕਿਸਤਾਨ ਅਕਸਰ ਭਾਰਤ ਦੇ ਖਿਲਾਫ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ। TRF ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਨਾਲ ਉਸ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ।

ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਫੈਸਲੇ ਦਾ ਕੀਤਾ ਸਵਾਗਤ

ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਫੈਸਲੇ ਤੋਂ ਬਾਅਦ ਬਿਆਨ ਜਾਰੀ ਕੀਤਾ ਹੈ। ਉਸ ਨੇ ਅਮਰੀਕਾ ਦੀ ਸ਼ਲਾਘਾ ਕਰਦਿਆਂ ਉਸ ਦੇ ਫੈਸਲੇ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ, “ਭਾਰਤ ਸਰਕਾਰ ਅਮਰੀਕੀ ਵਿਦੇਸ਼ ਵਿਭਾਗ ਦੇ ‘ਦ ਰੇਜ਼ਿਸਟੈਂਸ ਫਰੰਟ’ (TRF) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (FTO) ਅਤੇ ਵਿਸ਼ੇਸ਼ ਤੌਰ ‘ਤੇ ਨਾਮਜ਼ਦ ਗਲੋਬਲ ਅੱਤਵਾਦੀ (SDGT) ਐਲਾਨ ਕਰਨ ਦੇ ਫੈਸਲੇ ਦਾ ਸਵਾਗਤ ਕਰਦੀ ਹੈ। ਅਸੀਂ ਇਸ ਸਬੰਧ ਵਿੱਚ ਵਿਦੇਸ਼ ਮੰਤਰੀ ਮਾਰਕੋ ਰੁਬੀਓ ਦੀ ਅਗਵਾਈ ਦੀ ਸ਼ਲਾਘਾ ਕਰਦੇ ਹਾਂ।”

TRF ਨੂੰ ਲੈ ਕੇ ਕੀ ਬੋਲੇ ਮਾਰਕੋ ਰੁਬੀਓ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਫੋਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਭਾਰਤ ਦੇ ਨਾਲ ਖੜ੍ਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਰੁਬੀਓ ਨੇ ਹੁਣ ਬਿਆਨ ਜਾਰੀ ਕਰਕੇ ਦੱਸਿਆ ਕਿ TRF ਨੂੰ ਅੱਤਵਾਦੀ ਸੰਗਠਨ ਐਲਾਨ ਕਰਨਾ ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਸਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਇਹ ਫੈਸਲਾ ਅੱਤਵਾਦ ਦੇ ਖਿਲਾਫ ਅਮਰੀਕਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Share This Article
Leave a Comment