ਜੰਮੂ ਕਸਮੀਰ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਇਕ ਮਨੁੱਖੀ ਅਧਿਕਾਰ ਰਿਪੋਰਟ ‘ਚ ਭਾਰਤ ਦੀ ਤਾਰੀਫ਼ ਕੀਤੀ ਹੈ। ਇਸ ਤੋਂ ਇਲਾਵਾ ਕਈ ਮੁੱਦਿਆਂ ‘ਤੇ ਪ੍ਰਸ਼ਾਸਨ ਨੇ ਸਵਾਲ ਵੀ ਖੜ੍ਹੇ ਕੀਤੇ ਹਨ। ਖ਼ੁਦ ਨਸਲੀ ਹਮਲਿਆਂ ਨਾਲ ਜੂਝ ਰਹੇ ਅਮਰੀਕਾ ਨੇ ‘2020 ਕੰਟਰੀ ਰਿਪੋਰਟਸ ਆਨ ਹਿਊਮਨ ਰਾਈਟਸ ਪ੍ਰੈਕਟਿਸਜ਼’ ਦੀ ਰਿਪੋਰਟ ‘ਚ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ‘ਚ ਮਨੁੱਖੀ ਅਧਿਕਾਰ ਦੀ ਸਥਿਤੀ ਨੂੰ ਦਰਸਾਇਆ ਹੈ। ਇਹ ਰਿਪੋਰਟ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਪੇਸ਼ ਕੀਤੀ ਹੈ।
ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਹਿਊਮਨ ਰਾਈਟਸ ਨਾਲ ਜੁੜੇ ਹੋਏ ਕਈ ਮਸਲੇ ਹਨ। ਪਰ ਜੰਮੂ ਕਸ਼ਮੀਰ ‘ਚ ਹਾਲਾਤ ਹੌਲੀ ਹੌਲੀ ਠੀਕ ਹੋ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੰਮੂ ਕਸ਼ਮੀਰ ਵਿੱਚ ਹਾਲਾਤ ਸਹੀ ਰੱਖਣ ਲਈ ਭਾਰਤ ਸਰਕਾਰ ਲਗਾਤਾਰ ਕਦਮ ਚੁੱਕ ਰਹੀ ਹੈ। ਕਈ ਤਰ੍ਹਾਂ ਦੀਆਂ ਪਾਬੰਦੀਆਂ ਹੌਲੀ ਹੌਲੀ ਹਟਾਈਆਂ ਜਾ ਰਹੀਆਂ ਹਨ। ਹਰ ਸਾਲ ਉਥੇ ਰਾਜਨੀਤਿਕ ਗਤੀਵਿਧੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਨਵਰੀ ਵਿਚ ਜੰਮੂ ਕਸ਼ਮੀਰ ਅੰਦਰ ਇੰਟਰਨੈੱਟ ਵੀ ਬਹਾਲ ਹੋ ਗਿਆ ਸੀ।