ਟੈਕਸਸ: ਅਮਰੀਕਾ ‘ਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਰਹੇ ਪਰਵਾਸੀਆਂ ਦਾ ਅੰਕੜਾ ਸਾਰੇ ਰਿਕਾਰਡ ਤੋੜ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਬੀਤੇ 10 ਮਹੀਨਿਆਂ ਦੌਰਾਨ 18 ਲੱਖ ਤੋਂ ਵੱਧ ਪਰਵਾਸੀਆਂ ਨੂੰ ਬਾਰਡਰ ਏਜੰਟਾਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਿਰਫ਼ ਜੁਲਾਈ ਵਿੱਚ ਹੀ 2 ਲੱਖ ਪਰਵਾਸੀਆਂ ਨੇ ਮੈਕਸੀਕੋ ਦੀ ਸਰਹੱਦ ਅਤੇ ਸਮੁੰਦਰੀ ਇਲਾਕੇ ਰਾਹੀਂ ਅਮਰੀਕਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।
ਜੇਕਰ ਪਰਵਾਸੀ ਦੇਸ਼ ‘ਚ ਇਸੇ ਤਰ੍ਹਾਂ ਦਾਖਲ ਹੁੰਦੇ ਰਹੇ ਤਾਂ 30 ਸਤੰਬਰ ਤੱਕ ਹਿਰਾਸਤ ‘ਚ ਲਏ ਪਰਵਾਸੀਆਂ ਦੀ ਗਿਣਤੀ 20 ਲੱਖ ਤੋਂ ਟੱਪ ਸਕਦੀ ਹੈ। 30 ਸਤੰਬਰ 2021 ਨੂੰ ਖ਼ਤਮ ਹੋਏ ਵਿੱਤੀ ਵਰੇ ਦੌਰਾਨ 16 ਲੱਖ 60 ਹਜ਼ਾਰ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਜਦਕਿ ਇਸ ਵਾਰ ਅੰਕੜਾ ਚਾਰ ਲੱਖ ਤੋਂ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ।
ਬਾਰਡਰ ਏਜੰਟਾਂ ਨੇ ਦੱਸਿਆ ਕਿ ਜ਼ਮੀਨੀ ਰਸਤੇ ਫੜੇ ਜਾਣ ਦੇ ਡਰੋਂ ਹੁਣ ਪਰਵਾਸੀਆਂ ਨੇ ਕਿਸ਼ਤੀਆਂ ‘ਚ ਸਵਾਰ ਹੋ ਕੇ ਪੱਛਮੀ ਕਿਨਾਰਿਆਂ ’ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਮਨੁੱਖੀ ਤਸਕਰ ਮੋਟੀ ਕਮਾਈ ਕਰ ਰਹੇ ਹਨ ਜਿਨ੍ਹਾਂ ਵੱਲੋਂ ਪਰਵਾਸੀਆਂ ਨੂੰ ਭਰਮਾਇਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਬਾਇਡਨ ਸਾਰਿਆਂ ਨੂੰ ਪੱਕੇ ਕਰ ਦੇਣਗੇ। ਵਟਸਐਪ ਅਤੇ ਫੇਸਬੁਕ ਵਰਗੇ ਸੋਸ਼ਲ ਮੀਡੀਆ ਪਲੇਟਫ਼ਾਰਮ ਰਾਹੀਂ ਇਹ ਗਲਤ ਸੁਨੇਹਾ ਤੇਜ਼ੀ ਨਾਲ ਫੈਲਾਇਆ ਜਾ ਰਿਹਾ ਹੈ ਕਿ ਅਮਰੀਕਾ ਦੀ ਧਰਤੀ ‘ਤੇ ਪਹੁੰਚ ਰਹੇ ਜ਼ਿਆਦਾਤਰ ਪਰਵਾਸੀਆਂ ਨੂੰ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਬਣਦਾ ਹੈ ਕਿ ਟਰੰਪ ਸਰਕਾਰ ਵੇਲੇ ਟਾਈਟਲ 42 ਨੀਤੀ ਲਾਗੂ ਜਿਸ ਦੇ ਸਿੱਟੇ ਵਜੋਂ ਪਰਵਾਸੀਆਂ ਨੂੰ ਪਨਾਹ ਦਾ ਦਾਅਵਾ ਕਰਨ ਦਾ ਮੌਕਾ ਨਹੀਂ ਸੀ ਮਿਲਦਾ। ਇਸ ਵੇਲੇ ਬਾਰਡਰ ਪਾਰ ਕਰ ਰਹੇ ਪ੍ਰਵਾਸੀਆਂ ਵਿਚੋਂ 70 ਫ਼ੀਸਦੀਂ ਇਕੱਲੇ ਮਰਦ ਜਾਂ ਔਰਤ ਹਨ। ਭਾਵੇਂ ਅਮਰੀਕਾ ‘ਚ ਦਾਖ਼ਲ ਹੋ ਰਹੇ ਪਰਵਾਸੀਆਂ ‘ਚੋਂ ਜ਼ਿਆਦਾਤਰ ਮੈਕਸੀਕਨ ਅਤੇ ਲੈਟਿਨ ਅਮੈਰਿਕਨ ਲੋਕ ਹੁੰਦੇ ਹਨ ਪਰ ਪੰਜਾਬੀ ਵੀ ਇਸ ਮਾਮਲੇ ‘ਚ ਪਿੱਛੇ ਨਹੀਂ ਜਿਸ ਦੀ ਤਾਜ਼ਾ ਮਿਸਾਲ ਕਸਟਮਜ਼ ਅਤੇ ਬਾਰਡਰ ਅਫ਼ਸਰਾਂ ਵੱਲੋਂ 50 ਤੋਂ ਵੱਧ ਸਿੱਖਾਂ ਦੀਆਂ ਪੱਗਾਂ ਉਤਰਵਾਏ ਜਾਣ ਦੀ ਘਟਨਾ ਤੋਂ ਮਿਲਦੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.