ਵਾਸ਼ਿੰਗਟਨ: ਵਿਦੇਸ਼ੀ ਵਸਤੂਆਂ ’ਤੇ ਮਨ ਮਰਜ਼ੀ ਨਾਲ ਟੈਰਿਫ ਲਗਾਉਣ ਤੋਂ ਬਾਅਦ ਡੋਨਾਲਡ ਟਰੰਪ ਨੂੰ ਅਮਰੀਕੀ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਅਮਰੀਕੀ ਅਦਾਲਤ ਨੇ ਟਰੰਪ ਦੇ ਟੈਰਿਫ ’ਤੇ ਸਵਾਲ ਖੜ੍ਹੇ ਕੀਤੇ ਹਨ। ਜੇਕਰ ਟਰੰਪ ਦੇ ਟੈਰਿਫ ਨੂੰ ਖਤਮ ਕਰ ਦਿੱਤਾ ਜਾਂਦਾ ਹੈ, ਤਾਂ ਇਸ ਦਾ ਦੁਨੀਆਂ ’ਤੇ ਕੀ ਅਸਰ ਪਵੇਗਾ?
ਅਮਰੀਕੀ ਅਦਾਲਤ ਨੇ ਟਰੰਪ ਨੂੰ 14 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਇਸ ਦੌਰਾਨ ਟੈਰਿਫ ਲਾਗੂ ਰਹੇਗਾ ਅਤੇ ਟਰੰਪ ਪ੍ਰਸ਼ਾਸਨ ਇਸ ਦੇ ਲਈ ਅਮਰੀਕੀ ਸੁਪਰੀਮ ਕੋਰਟ ਵਿੱਚ ਅਪੀਲ ਕਰ ਸਕਦਾ ਹੈ। ਪਰ, ਜੇਕਰ ਸੁਪਰੀਮ ਕੋਰਟ ਨੇ ਵੀ ਟੈਰਿਫ ਨੂੰ ਰੱਦ ਕਰ ਦਿੱਤਾ, ਤਾਂ ਅਮਰੀਕਾ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਮਰੀਕੀ ਅਰਥਵਿਵਸਥਾ ਨੂੰ ਹੋਵੇਗਾ ਨੁਕਸਾਨ
ਡੋਨਲਡ ਟਰੰਪ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਕਈ ਦੇਸ਼ਾਂ ’ਤੇ ਟੈਰਿਫ ਲਗਾ ਦਿੱਤਾ। ਟਰੰਪ ਦਾ ਟੈਰਿਫ 2 ਅਪ੍ਰੈਲ ਤੋਂ ਲਾਗੂ ਹੋਇਆ ਸੀ। ਇਸ ਦੌਰਾਨ ਟਰੰਪ ਨੇ ਕੁਝ ਦੇਸ਼ਾਂ ਨੂੰ ਟੈਰਿਫ ਵਿੱਚ ਰਾਹਤ ਦਿੱਤੀ, ਜਦਕਿ ਕਈ ਦੇਸ਼ਾਂ ਦਾ ਟੈਰਿਫ ਵਧਾ ਦਿੱਤਾ। ਜੁਲਾਈ 2025 ਤੱਕ ਸਿਰਫ਼ ਟੈਰਿਫ ਰਾਹੀਂ ਅਮਰੀਕਾ ਨੇ 159 ਬਿਲੀਅਨ ਡਾਲਰ (ਲਗਭਗ 14 ਲੱਖ ਕਰੋੜ ਰੁਪਏ) ਦੀ ਕਮਾਈ ਕੀਤੀ ਹੈ। ਜੇਕਰ ਟੈਰਿਫ ਹਟਾਉਣ ਦਾ ਹੁਕਮ ਹੋਇਆ, ਤਾਂ ਅਮਰੀਕਾ ਨੂੰ ਇਹ ਰਕਮ ਵਾਪਸ ਕਰਨੀ ਪੈ ਸਕਦੀ ਹੈ, ਜਿਸ ਨਾਲ ਅਮਰੀਕੀ ਖਜ਼ਾਨੇ ’ਤੇ ਮਾੜਾ ਅਸਰ ਪਵੇਗਾ।
ਵਪਾਰਕ ਸੌਦਿਆਂ ਨੂੰ ਲੱਗੇਗਾ ਝਟਕਾ
ਟਰੰਪ ਪ੍ਰਸ਼ਾਸਨ ਕਈ ਦੇਸ਼ਾਂ ਨਾਲ ਵਪਾਰਕ ਸੌਦਿਆਂ ’ਤੇ ਗੱਲਬਾਤ ਕਰ ਰਿਹਾ ਹੈ। ਟੈਰਿਫ ਦੇ ਕਾਰਨ ਇੱਥੇ ਟਰੰਪ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ। ਹਾਲਾਂਕਿ, ਜੇਕਰ ਸੁਪਰੀਮ ਕੋਰਟ ਵੀ ਟੈਰਿਫ ਨੂੰ ਗੈਰ-ਕਾਨੂੰਨੀ ਐਲਾਨਦੀ ਹੈ, ਤਾਂ ਵਪਾਰਕ ਸੌਦਿਆਂ ਵਿੱਚ ਵੀ ਟਰੰਪ ਨੂੰ ਨੁਕਸਾਨ ਹੋ ਸਕਦਾ ਹੈ।
ਕੀ ਹੈ ਪੂਰਾ ਮਾਮਲਾ?
ਡੋਨਲਡ ਟਰੰਪ ਦੇ ਅਨੁਸਾਰ, ਜੇਕਰ ਸੁਪਰੀਮ ਕੋਰਟ ਨੇ ਟੈਰਿਫ ਦੇ ਖਿਲਾਫ਼ ਫੈਸਲਾ ਸੁਣਾਇਆ, ਤਾਂ ਇਹ ਅਮਰੀਕਾ ਨੂੰ ਤਬਾਹ ਕਰ ਦੇਵੇਗਾ। ਦੱਸ ਦਈਏ ਕਿ ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਟੈਰਿਫ ਨੂੰ ਗੈਰ-ਕਾਨੂੰਨੀ ਦੱਸਦੇ ਹੋਏ 14 ਅਕਤੂਬਰ ਤੱਕ ਇਸ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਇਸ ਦੌਰਾਨ ਟਰੰਪ ਪ੍ਰਸ਼ਾਸਨ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਹੈ।