ਵਾਸ਼ਿੰਗਟਨ : ਅਮਰੀਕਾ ਦੇ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਸੋਮਵਾਰ ਨੂੰ ਜਰਮਨੀ ਅਤੇ ਡੈਨਮਾਰਕ ਦੀ ਯਾਤਰਾ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਦਿੱਤੀ ਗਈ ਹੈ। ਸੀਡੀਸੀ ਵਲੋਂ ਦੋ ਯੂਰਪੀ ਦੇਸ਼ਾਂ ਦੀ ਯਾਤਰਾ ਨੂੰ ਲੈ ਕੇ ‘ਲੈਵਲ 4: ਵੈਰੀ ਹਾਈ’ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਫਿਲਹਾਲ ਸੀਡੀਸੀ ਨੇ ਦੁਨੀਆ ਭਰ ਵਿਚ 75 ਥਾਵਾਂ ਨੂੰ ਲੈ ਕੇ ਪਾਬੰਦੀ ਜਾਰੀ ਕੀਤੀ ਹੈ। ਜਿਸ ਵਿਚ ਜ਼ਿਆਦਾਤਰ ਯੂਰਪੀ ਦੇਸ਼ ਹੀ ਹਨ। ਇਨ੍ਹਾਂ ਵਿਚ ਆਸਟ੍ਰੀਆ, ਬ੍ਰਿਟੇਨ, ਬੈਲਜ਼ੀਅਮ, ਯੂਨਾਨ, ਨਾਰਵੇ, ਸਵਿਟਜ਼ਰਲੈਂਡ, ਰੋਮਾਨੀਆ, ਆਇਰਲੈਂਡ ਅਤੇ ਚੈਕ ਰਿਪਬਲਿਕ ਸ਼ਾਮਲ ਹੈ।
ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਅਪਣੀ ਕੰਜ਼ਰਵੇਟਿਵ ਪਾਰਟੀ ਦੇ ਆਗੂਆਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਕੀਤੇ ਗਏ ਉਪਾਅ ਕਾਫੀ ਨਹੀਂ ਹਨ ਅਤੇ ਸਖ਼ਤ ਉਪਾਅ ਕਰਨ ਦੀ ਜ਼ਰੂਰਤ ਹੈ। ਜਰਮਨੀ ਵਿਚ ਵਾਇਰਸ ਦੇ ਮਾਮਲੇ ਕਾਫੀ ਵਧ ਰਹੇ ਹਨ। ਖ਼ਾਸ ਕਰਕੇ ਬਜ਼ੁਰਗਾਂ ਵਿਚ ਜਿਨ੍ਹਾਂ ਦਾ ਕੋਰੋਨਾ ਵੈਕਸੀਨੇਸ਼ਨ ਪੂਰਾ ਹੋ ਚੁੱਕਾ ਹੈ। ਨਾਲ ਹੀ ਉਹ ਬੱਚੇ ਵੀ ਪੀੜਤ ਹੋ ਰਹੇ ਹਨ ਜੋ ਅਜੇ ਵੈਕਸੀਨ ਦੇ ਯੋਗ ਨਹੀਂ ਹਨ।