ਬਾਹੂਬਲੀ ਮੁਖਤਾਰ ਅੰਸਾਰੀ ਯੂਪੀ ਪੁਲਿਸ ਦੇ ਹਵਾਲੇ, ਰੋਪੜ ਤੋਂ ਰਵਾਨਾ ਹੋਇਆ ਕਾਫਿਲਾ

TeamGlobalPunjab
2 Min Read

ਰੋਪੜ : ਮੁਖਤਾਰ ਅੰਸਾਰੀ ਨੂੰ ਪੰਜਾਬ ਪੁਲਿਸ ਨੇ ਯੂਪੀ ਦੇ ਹਵਾਲੇ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਪੁਲਿਸ ਦਾ ਕਾਫਿਲਾ ਰੋਪੜ ਜੇਲ੍ਹ ਵਿੱਚੋਂ ਅੰਸਾਰੀ ਨੂੰ ਲੈ ਕੇ ਬਾਂਦਾ ਵੱਲ ਰਵਾਨਾ ਹੋ ਗਿਆ ਹੈ। ਮੁਖਤਾਰ ਅੰਸਾਰੀ ਨੂੰ ਲੈ ਕੇ ਜਾਣ ਲਈ ਯੂਪੀ ਪੁਲਿਸ ਨੇ ਇੱਕ ਐਂਬੂਲੈਂਸ ਲਿਆਂਦੀ ਸੀ ਜਿਸ ਵਿੱਚ ਬੈਠਾ ਕੇ ਅੰਸਾਰੀ ਨੂੰ ਉੱਤਰ ਪ੍ਰਦੇਸ਼ ਲਿਜਾਇਆ ਗਿਆ। 26 ਮਾਰਚ ਨੂੰ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਪੰਜਾਬ ਤੋਂ ਮੁਖਤਾਰ ਅੰਸਾਰੀ ਨੂੰ ਯੂਪੀ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ। ਜਿੱਥੇ ਉਹ ਕਾਨੂੰਨੀ ਪ੍ਰਕਿਰਿਆਵਾਂ ਦਾ ਸਾਹਮਣਾ ਕਰੇਗਾ।

ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਅੰਸਾਰੀ ਦੀ ਸ਼ਿਫਟਿੰਗ 8 ਅਪ੍ਰੈਲ ਤੋਂ ਪਹਿਲਾਂ ਕੀਤੀ ਜਾਵੇ। ਜਿਸ ਤਹਿਤ ਉੱਤਰ ਪ੍ਰਦੇਸ਼ ਪੁਲਿਸ ਦਾ ਕਫਿਲਾ ਅੱਜ ਸਵੇਰੇ ਸਵਾ ਚਾਰ ਵਜੇ ਦੇ ਕਰੀਬ ਰੋਪੜ ਪੁਲਿਸ ਲਾਈਨ ਪਹੁੰਚਿਆ ਸੀ। ਜਿਸ ਤੋਂ ਬਾਅਦ ਦੁਪਹਿਰ ਬਾਰਾਂ ਵਜੇ ਦੇ ਕਰੀਬ ਉੱਤਰ ਪ੍ਰਦੇਸ਼ ਪੁਲਿਸ ਰੋਪੜ ਜੇਲ੍ਹ ਪਹੁੰਚੀ। ਜਿੱਥੇ ਉਹਨਾਂ ਵੱਲੋਂ ਕਾਗਜ਼ੀ ਕਾਰਵਾਈ ਕੀਤੀ ਗਈ। ਦਸਤਾਵੇਜ਼ ਪੂਰੇ ਹੋਣ ਤੋਂ ਬਾਅਦ ਅੰਸਾਰੀ ਨੂੰ ਦੁਪਹਿਰ 2 ਵਜੇ ਰੋਪੜ ਜੇਲ੍ਹ ਤੋਂ ਐਂਬੂਲੈਂਸ ਰਾਹੀਂ ਉੱਤਰ ਪ੍ਰਦੇਸ਼ ਲਿਜਾਇਆ ਗਿਆ।

ਇਸ ਦੌਰਾਨ ਪੁਲਿਸ ਨੇ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਅੰਸਾਰੀ ਜਿਸ ਐਂਬੂਲੈਂਸ ਵਿੱਚ ਸਵਾਰ ਸੀ ਉਸ ਦੇ ਅੱਗੇ ਪਿੱਛੇ ਯੂਪੀ ਪੁਲਿਸ ਦੀਆਂ ਗੱਡੀਆਂ ਪਹਿਰਾ ਦੇ ਰਹੀਆਂ ਸਨ। ਮੀਡੀਆ ਦੀਆਂ ਗੱਡੀਆਂ ਨੂੰ ਕਾਫਿਲੇ ਨੇੜੇ ਨਹੀਂ ਆਉਣ ਦਿੱਤਾ ਗਿਆ। ਦੁਪਹਿਰ ਤਿੰਨ ਵਜੇ ਦੇ ਕਰੀਬ ਅੰਸਾਰੀ ਨੂੰ ਲੈ ਕੇ ਜਾ ਰਿਹਾ ਕਾਫਿਲਾ ਹਰਿਆਣਾ ਦੇ ਅੰਬਾਲਾ ਨੂੰ ਪਾਰ ਕਰ ਗਿਆ ਸੀ। ਰਾਤ 11 ਵਜੇ ਤੱਕ ਬਾਂਦਾ ਜੇਲ੍ਹ ਵਿੱਚ ਕਾਫਿਲੇ ਦੇ ਪਹੁੰਚਣ ਦੀ ਉਮੀਦ ਹੈ।

- Advertisement -

ਇਸ ਤੋਂ ਪਹਿਲਾਂ ਮੁਖਤਾਰ ਅੰਸਾਰੀ ਦੀ ਪਤਨੀ ਨੇ ਸੁਪੀਰਮ ਕੋਰਟ ‘ਚ ਪਹੁੰਚ ਕੀਤੀ। ਮੁਖਤਾਰ ਅੰਸਾਰੀ ਦੀ ਪਤਨੀ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕਿ ਜਦੋਂ ਅੰਸਾਰੀ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਲਿਆਂਦਾ ਜਾਵੇਗਾ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਲਈ ਯੂਪੀ ਪੁਲਿਸ ਨੂੰ ਹਦਾਇਤ ਦਿੱਤੀ ਜਾਵੇ ਕਿ ਮੁਖਤਾਰ ਅੰਸਾਰੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਅੰਸਾਰੀ ਦੀ ਪਤਨੀ ਨੇ ਇਹ ਵੀ ਮੰਗ ਕੀਤੀ ਕਿ ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ‘ਚ ਸ਼ਿਫਟ ਕਰਦੇ ਸਮੇਂ ਅਤੇ ਕੋਰਟ ‘ਚ ਪੇਸ਼ ਕਰਨ ਦੌਰਾਨ ਸੁਰੱਖਿਆ ਮੁਹੱਈਆ ਕਰਵਾਈ ਜਾਵੇ।

Share this Article
Leave a comment