ਯੂਪੀ- ਆਜ਼ਾਦ ਸਮਾਜ ਪਾਰਟੀ ਕਾਂਸ਼ੀਰਾਮ ਦੇ ਰਾਸ਼ਟਰੀ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਨੇ ਗੋਰਖਪੁਰ ਸਦਰ ਸੀਟ ਤੋਂ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ। ਚੰਦਰਸ਼ੇਖਰ ਆਜ਼ਾਦ ਨੇ ਟਵੀਟ ਕਰਕੇ ਕਿਹਾ ਕਿ ਮੈਂ ਵੀ ਪਿਛਲੇ 5 ਸਾਲਾਂ ਤੋਂ ਲੜਾਈ ਲੜੀ ਹੈ। ਮੈਂ ਹੁਣ ਵੀ ਲੜਾਂਗਾ। ਗੋਰਖਪੁਰ ਸਦਰ ਸੀਟ ਤੋਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਚੋਣ ਲੜ ਰਹੇ ਹਨ। ਦੱਸ ਦੇਈਏ ਕਿ ਸਮਾਜਵਾਦੀ ਪਾਰਟੀ ਨਾਲ ਗਠਜੋੜ ਤੋੜਨ ਤੋਂ ਬਾਅਦ ਚੰਦਰਸ਼ੇਖਰ ਆਜ਼ਾਦ ਨੇ ਇਕੱਲੇ ਹੀ ਚੋਣ ਲੜਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ 18 ਜਨਵਰੀ ਨੂੰ ਪ੍ਰੈੱਸ ਕਾਨਫਰੰਸ ‘ਚ ਕਿਹਾ ਸੀ ਕਿ ਜੇਕਰ ਹੁਣ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੂੰ 100 ਸੀਟਾਂ ਵੀ ਦੇ ਦਿੰਦੀ ਹੈ ਤਾਂ ਵੀ ਉਹ ਉਨ੍ਹਾਂ ਨਾਲ ਗਠਜੋੜ ਨਹੀਂ ਕਰਨਗੇ। ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ।
ਚੰਦਰਸ਼ੇਖਰ ਆਜ਼ਾਦ ਨੇ ਇਸ ਮੌਕੇ ’ਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕੀਤੀ। ਚੰਦਰਸ਼ੇਖਰ ਆਜ਼ਾਦ ਨੇ ਬਿਨਾਂ ਨਾਂ ਲਏ ਸਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ ’ਤੇ ਕਈ ਦੋਸ਼ ਲਾਏ ਅਤੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ 25 ਸੀਟਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੂੰ ‘ਧੋਖਾ’ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਰੋਕਣ ਲਈ ਚੋਣਾਂ ਤੋਂ ਬਾਅਦ ਵੀ ਪਾਰਟੀਆਂ ਦੀ ਮਦਦ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਕੁਝ ਲੋਕਾਂ ਦੇ ਸਾਹਮਣੇ ਆਪਣੇ ਉਮੀਦਵਾਰ ਨਹੀਂ ਉਤਾਰੇਗੀ ਜਿਨ੍ਹਾਂ ’ਚ ਅਖਿਲੇਸ਼ ਯਾਦਵ, ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਪੀਐਸਪੀ) ਦੇ ਰਾਸ਼ਟਰੀ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ, ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਮੁਖੀ ਓਮ ਪ੍ਰਕਾਸ਼ ਰਾਜਭਰ, ਰਾਸ਼ਟਰੀ ਲੋਕ ਦਲ ਦੇ ਮੁਖੀ ਜਯੰਤ ਚੌਧਰੀ ਸ਼ਾਮਲ ਹਨ।