ਜਗਤਾਰ ਸਿੰਘ ਸਿੱਧੂ;
ਸ਼ਹੀਦ ਭਗਤ ਸਿੰਘ ਦੇ ਨਾਂ ਉਤੇ ਬੇਲੋੜਾ ਵਿਵਾਦ ਕਿਉਂ? ਅਸਲ ਵਿਚ ਇਹ ਮਾਮਲਾ ਪਾਕਿਸਤਾਨ ਦੇ ਸੂਬੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ਉਪਰ ਰੱਖਣ ਨਾਲ ਜੋੜਿਆ ਜਾ ਰਿਹਾ ਹੈ। ਸੂਬੇ ਦੇ ਹਾਕਮਾਂ ਨੇ ਲਾਹੌਰ ਹਾਈਕੋਰਟ ਨੂੰ ਦੱਸਿਆ ਕਿ ਇਸ ਮੰਤਵ ਲਈ ਬਣੀ ਕਮੇਟੀ ਦੇ ਮੈਂਬਰ ਸਾਬਕਾ ਫੌਜੀ ਅਧਿਕਾਰੀ ਦੀ ਦਲੀਲ ਦੇ ਮੱਦੇਨਜ਼ਰ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ਤੇ ਰੱਖਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ ।ਸਾਬਕਾ ਫ਼ੌਜੀ ਤਾਰਿਕ ਮਜੀਦ ਨੇ ਦਲੀਲ ਦਿੱਤੀ ਹੈ ਕਿ ਭਗਤ ਸਿੰਘ ਇਕ ਅਪਰਾਧੀ ਸੀ ਅਤੇ ਇਸ ਅਧਾਰ ੳਪਰ ਨਾਂ ਦੀ ਤਬਦੀਲੀ ਰੱਦ ਕਰ ਦਿੱਤੀ ਗਈ ਹੈ। ਲਾਹੌਰ ਮੈਟਰੋਪੋਲੀਟਨ ਕਾਰਪੋਰੇਸ਼ਨ ਨੇ ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ ਰਸ਼ੀਦ ਕੁਰੈਸ਼ੀ ਵਲੋਂ ਅਦਾਲਤ ਵਿੱਚ ਕੀਤੇ ਕੇਸ ਦੇ ਜਵਾਬ ਵਿੱਚ ਇਹ ਜਾਣਕਾਰੀ ਦਿਤੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕਿਸੇ ਕਮੇਟੀ ਵਿੱਚ ਸ਼ਾਮਲ ਇਕ ਸਾਬਕਾ ਫੌਜੀ ਦੇ ਸਰਟੀਫਿਕੇਟ ਨੇ ਸਾਬਤ ਕਰਨਾ ਹੈ ਕਿ ਭਗਤ ਸਿੰਘ ਕੌਣ ਹੈ? ਅਸਲੀਅਤ ਇਹ ਹੈ ਕਿ ਇਸ ਮਾਮਲੇ ਦੀ ਸੁਣਵਾਈ ਲਾਹੌਰ ਹਾਈ ਕੋਰਟ ਵਿਚ ਜਨਵਰੀ ਵਿੱਚ ਹੋਣੀ ਹੈ ਤਾਂ ਕਮੇਟੀ ਦੇ ਇਕ ਮੈਂਬਰ ਦੇ ਬਿਆਨ ਨੂੰ ਅਧਾਰ ਕਿਵੇਂ ਬਣਾਇਆ ਜਾ ਸਕਦਾ ਹੈ?
ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ ਜਗਮੋਹਨ ਸਿੰਘ ਨੇ ਬਕਾਇਦਾ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਸਮੇਤ ਦੁਨੀਆਂ ਭਰ ਵਿਚ ਬੈਠੇ ਹਜਾਰਾਂ ਲੋਕ ਭਗਤ ਸਿੰਘ ਨੂੰ ਪਿਆਰ ਕਰਦੇ ਹਨ। ਇਕ ਸਾਬਕਾ ਫੌਜੀ ਤਾਰਿਕ ਦਾ ਬਿਆਨ ਅਧਾਰ ਬਣਾ ਕੇ ਮੀਡੀਆ ਨੂੰ ਸੁਰਖੀਆਂ ਵਿੱਚ ਲੈਣਾ ਵਾਜ਼ਿਬ ਨਹੀ ਹੈ । ਪ੍ਰੋ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲੇ ਦੀ ਸੁਣਵਾਈ ਅਜੇ ਅਦਾਲਤ ਨੇ ਜਨਵਰੀ ਵਿੱਚ ਕਰਨੀ ਹੈ।ਉਨਾਂ ਇਹ ਵੀ ਕਿਹਾ ਕਿ ਇਸ ਵੇਲੇ ਭਗਤ ਸਿੰਘ ਦੀ ਸਹੀ ਸੋਚ ਦੀ ਜਾਣਕਾਰੀ ਦੇਣ ਦੀ ਥਾਂ ਅਜਾਦੀ ਅੰਦੋਲਨ ਬਾਰੇ ਭੁਲੇਖੇ ਪੈਦਾ ਕੀਤੇ ਜਾਂਦੇ ਹਨ। ਉਨਾਂ ਨੇ ਦੇਸ਼ ਦੀ ਅਜ਼ਾਦੀ ਦੀ ਯੰਗ ਲੜੀ ਸੀ ਪਰ ਉਹ ਲੜਾਈ ਇਕ ਕਤਲ ਨਾਲ ਜੋੜੀ ਜਾਂਦੀ ਹੈ ।ਉੱਨਾਂ ਵਲੋਂ ਜੇਲ ਵਿੱਚ ਜਮੂਹਰੀ ਢੰਗ ਨਾਲ ਹਕੂਮਤ ਵਿਰੁੱਧ ਰੱਖੀ ਅਠਾਰਾਂ ਦਿਨ ਦੀ ਭੁੱਖ ਹੜਤਾਲ ਦਾ ਕਿਧਰੇ ਜ਼ਿਕਰ ਨਹੀਂ।
ਦੇਸ਼ ਅੰਦਰ ਇਸ ਮਾਮਲੇ ਨੂੰ ਲੈ ਕੇ ਰਾਜਸੀ ਧਿਰਾਂ ਦੇ ਆਗੂਆਂ ਵਲੋਂ ਵੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪੰਜਾਬ ਵਿਚ ਆਪ ਵਾਲੇ ਆਖ ਰਹੇ ਹਨ ਕਿ ਉਨਾਂ ਦੀ ਸਰਕਾਰ ਦਾ ਤਾਂ ਪਲੇਠਾ ਸਮਾਗਮ ਹੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਵਿੱਚ ਹੋਇਆ ਸੀ ਅਤੇ ਸਰਕਾਰ ਉਸ ਦੀ ਸੋਚ ਅਨੁਸਾਰ ਕੰਮ ਕਰਦੀ ਹੈ। ਭਾਜਪਾ ਦੇ ਪੰਜਾਬ ਆਗੂਆਂ ਦਾ ਕਹਿਣਾ ਹੈ ਕਿ ਉਹ ਕੇਂਦਰ ਕੋਲ ਪਹੁੰਚ ਕਰਨਗੇ ਕਿ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦਾ ਫੈਸਲਾ ਕੀਤਾ ਜਾਵੇ। ਭਾਜਪਾ ਦਾ ਕਹਿਣਾ ਹੈ ਕਿ ਆਪ ਭਗਤ ਸਿੰਘ ਦੇ ਨਾਂ ਤੇ ਰਾਜਨੀਤੀ ਕਰਦੀ ਹੈ। ਕਈ ਇਹ ਵੀ ਸਵਾਲ ਕਰਦੇ ਹਨ ਕਿ ਕੇਂਦਰ ਸਰਕਾਰ ਨੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ ਦਿੱਤਾ? ਦੂਜੇ ਪਾਸੇ ਭਗਤ ਸਿੰਘ ਦੇ ਵਾਰਸਾਂ ਦਾ ਕਹਿਣਾ ਹੈ ਕਿ ਸਰਕਾਰਾਂ ਤਾਂ ਸਹੀਦ ਕਰਦੀਆਂ ਹਨ ਪਰ ਸ਼ਹੀਦ ਦਾ ਦਰਜਾ ਨਹੀਂ ਦਿੰਦੀਆਂ।
ਸਵਾਲ ਤਾਂ ਇਹ ਵੀ ਉੱਠ ਰਹੇ ਹਨ ਕਿ ਪਾਕਿਸਤਾਨ ਦੀ ਫੌਜੀ ਹਕੂਮਤ ਨੂੰ ਤਾਂ ਦੋਹਾਂ ਮੁਲਕਾਂ ਨੂੰ ਜੋੜਨ ਵਾਲੀ ਕਾਰਵਾਈ ਕਦੇ ਰਾਸ ਹੀ ਨਹੀ ਆ ਸਕਦੀ ਪਰ ਸਾਡਾ ਆਪਣਾ ਮੁਲਕ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਕਦੋਂ ਬਣੇਗਾ?
ਸੰਪਰਕ/ 9814002186