ਚੰਡੀਗੜ੍ਹ: ਪਟਿਆਲਾ ਫਾਊਂਡੇਸ਼ਨ ਦੇ ਮੁੱਖ ਅਧਿਕਾਰੀ(ਚੀਫ ਫੰਕਸ਼ਨਰੀ) ਰਵੀ ਸਿੰਘ ਆਹਲੂਵਾਲੀਆ ਨੂੰ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਮੰਤਰਾਲਾ (ਐਮ.ਆਰ.ਆਰ.ਟੀ.) ਵਲੋਂ ਸੜਕ ਸੁਰੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਦੇ ਸਕੱਤਰ ਡਾ. ਵੀ.ਕੇ. ਸਿੰਘ ਨੇ 18 ਜਨਵਰੀ, 2021 ਨੂੰ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਉਦਘਾਟਨ ਮੌਕੇ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਆਹਲੂਵਾਲੀਆ ਨੂੰ ਸਨਮਾਨਿਤ ਕੀਤਾ।
ਆਹਲੂਵਾਲੀਆ ਪਿਛਲੇ 12 ਸਾਲਾਂ ਤੋਂ ਸਮਾਜਕ ਕਾਰਜਾਂ ਦੇ ਖੇਤਰ ਵਿਚ ਬੜੇ ਜੋਸ਼ ਤੇ ਸਮਰਪਣ ਭਾਵਨਾ ਨਾਲ ਕੰਮ ਕਰ ਰਹੇ ਹਨ। ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਦੋ ਵਾਰ ਪੰਜਾਬ ਰਾਜ ਐਵਾਰਡ ਅਤੇ ਜਿ਼ਲ੍ਹਾ ਐਵਾਰਡ ਵੀ ਦਿੱਤਾ ਜਾ ਚੁੱਕਾ ਹੈ।
ਸੜਕ ਸੁਰੱਖਿਆ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਨਿਰੰਤਰ ਯਤਨ ਕਰਨ ਵਾਲੇ ਰਵੀ ਸਿੰਘ ਆਹਲੂਵਾਲੀਆ ਨੇ ਸਕੂਲੀ ਬੱਚਿਆਂ ਲਈ ਇੱਕ ਨਵੀਨਤਮ ‘ਚਿਲਡਰਨ ਚਲਾਨ ਬੁੱਕ’ ਤਿਆਰ ਕੀਤੀ ਹੈ ਜਿਸਦੀ ਭਾਰਤ ਦੇ ਉਪ ਰਾਸ਼ਟਰਪਤੀ ਵਲੋਂ ਸ਼ਲਾਘਾ ਕੀਤੀ ਗਈ ਅਤੇ ਸਾਲ 2020 ਵਿੱਚ ਇਸਨੂੰ ਰਾਸ਼ਟਰੀ ਪੱਧਰ ਤੇ ਇੱਕ ਵਧੀਆ ਅਭਿਆਸ ਐਲਾਨਿਆ ਗਿਆ ਹੈ।ਇਸ ਤੋਂ ਬਾਅਦ ਦੁਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ਲਈ ਰਾਜ ਵਿੱਚ ਪਹਿਲਾ ਹੈਲਮੇਟ ਬੈਂਕ ਸਥਾਪਤ ਕਰਕੇ ਵੀ ਆਹਲੂਵਾਲੀਆ ਵਲੋਂ ਮਿਸਾਲੀ ਯੋਗਦਾਨ ਪਾਇਆ ਗਿਆ ਹੈ।
ਪਟਿਆਲਾ ਫਾਉਂਡੇਸ਼ਨ ਵੀ ਉਹਨਾਂ ਦੀ ਦੂਰਅੰਦੇਸ਼ ਅਗਵਾਈ ਵਿੱਚ ਨਿਯਮਤ ਰੂਪ ਵਿਚ ਰਿਫਲੈਕਟਿਵ ਸਟਿੱਕਰ ਕੈਂਪ ਲਗਾ ਕੇ ਅਤੇ ਸਮਾਜ ਦੇ ਸਾਰੇ ਭਾਈਵਾਲਾਂ ਵਿਚ ਜਾਗਰੂਕਤਾ ਪੈਦਾ ਕਰਨ ਸਬੰਧੀ ਗਤੀਵਿਧੀਆਂ ਤੇ ਕੰਮ ਕੀਤਾ ਹੈ। ਪਟਿਆਲਾ ਫਾਊਂਡੇਸ਼ਨ ਨੂੰ ਸਾਲ 2018 ਤੋਂ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕੌਂਸਲ (ਯੂਨੈਸਕੋ ਐਸਓਸੀ) ਵਿੱਚ ਵਿਸ਼ੇਸ਼ ਸਲਾਹਕਾਰ ਦਾ ਦਰਜਾ ਹਾਸਲ ਹੈ।