ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਲੋਹੜੀ ਬਾਲਣਗੇ ਬੇਰੁਜ਼ਗਾਰ ਅਧਿਆਪਕ; ਪੱਕਾ ਮੋਰਚਾ ਜਾਰੀ

TeamGlobalPunjab
2 Min Read

ਸੰਗਰੂਰ: ਪੰਜਾਬ ਦੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਸਾਂਝਾ ਮੋਰਚਾ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਦਾ ਪੱਕਾ ਮੋਰਚਾ 9ਵੇਂ ਦਿਨ ਵੀ ਜਾਰੀ ਰਿਹਾ। ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਬਲਰਾਜ ਸਿੰਘ ਤੇ ਗੁਰਪ੍ਰੀਤ ਸਿੰਘ ਫ਼ਰੀਦਕੋਟ ਛੇਵੇਂ ਦਿਨ ਲਗਾਤਾਰ ਭੁੱਖ ਹੜਤਾਲ ’ਤੇ ਬੈਠੇ ਹਨ।

ਦੱਸ ਦਈਏ ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋਹੜੀ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਹੀ ਬਾਲੀ ਜਾਵੇਗੀ। ਪੱਕੇ ਮੋਰਚੇ ਦੇ 9ਵੇਂ ਦਿਨ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾਈ ਆਗੂਆਂ ਹਰਜਿੰਦਰ ਸਿੰਘ ਝੁਨੀਰ, ਜਗਸੀਰ ਸਿੰਘ ਘੁਮਾਣ, ਸੁਖਵਿੰਦਰ ਸਿੰਘ ਢਿੱਲਵਾਂ ਅਤੇ ਕ੍ਰਿਸ਼ਨ ਨਾਭਾ ਨੇ ਕਿਹਾ ਕਿ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 13 ਜਨਵਰੀ ਦੀ ਪੈਨਲ ਮੀਟਿੰਗ ਕਰਾਉਣ ਦਾ ਲਿਖ਼ਤੀ ਭਰੋਸਾ ਦਿੱਤਾ ਹੈ ਪਰ 9 ਦਿਨਾਂ ਦੌਰਾਨ ਇੱਕ ਦਿਨ ਵੀ ਸਿੱਖਿਆ ਮੰਤਰੀ ਨੇ ਬੇਰੁਜ਼ਗਾਰਾਂ ਨਾਲ ਅਜੇ ਤੱਕ ਕੋਈ ਗੱਲ ਨਹੀਂ ਕੀਤੀ।

ਇਸਤੋਂ ਇਲਾਵਾ ਸੁਰਜੀਤ ਸਿੰਘ ਭੱਠਲ ਤੇ ਗੁਰਪ੍ਰੀਤ ਸਿੰਘ ਫ਼ਰੀਦਕੋਟ ਇਨਕਲਾਬੀ ਗੀਤਾਂ ਨਾਲ ਬੇਰੁਜ਼ਗਾਰਾਂ ਨੂੰ ਹੌਸਲਾ ਦਿੱਤਾ। ਇਸ ਮੌਕੇ ਰਣਬੀਰ ਸਿੰਘ ਨਦਾਮਪੁਰ, ਦਿਲਬਾਗ ਸਿੰਘ ਮੰਡਵੀ, ਸਸ਼ਪਾਲ ਸਿੰਘ, ਬਲਰਾਜ ਸਿੰਘ ਮੌੜ, ਲਵਦੀਪ ਸਿੰਘ ਕੋਟਕਪੂਰਾ, ਜਗਪਾਲ ਸਿੰਘ ਸੁਨਾਮ, ਗੁਰਦੀਪ ਸਿੰਘ ਮੋਜੋਵਾਲ, ਮਨਜੀਤ ਸਿੰਘ ਅਤੇ ਗੁਰਪਰੀਤ ਸਿੰਘ ਲਾਲਿਆਂਵਾਲੀ ਆਦਿ ਹਾਜ਼ਰ ਸਨ।

ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਬੇਰੁਜ਼ਗਾਰ ਧੀਆਂ-ਪੁੱਤ ਰੁਜ਼ਗਾਰ ਲਈ ਸੜਕਾਂ ’ਤੇ ਰੁਲ ਰਹੇ ਹਨ ਪਰ ਪੰਜਾਬ ਸਰਕਾਰ ਘਰ-ਘਰ ਨੌਕਰੀ ਦੇ ਦਾਅਵੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ 10 ਜਨਵਰੀ ਨੂੰ ਵੱਡੀ ਗਿਣਤੀ ਵਿਚ ਸੰਗਰੂਰ ਪਹੁੰਚ ਕੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

Share This Article
Leave a Comment