ਬਿੰਦੁੂ ਸਿੰਘ
ਭਾਰਤ ਨੇ ਯੂਕਰੇਨ ਤੋਂ 18000 ਭਾਰਤੀਆਂ ਨੂੰ ਵਾਪਸ ਲੈ ਕੇ ਆਉਣ ਲਈ ਹਵਾਈ ਬੇੜਾ ਤਿਆਰ ਕੀਤਾ ਹੈ। ਰੂਸ ਵੱਲੋਂ ਯੂਕਰੇਨ ‘ਤੇ ਕਿਤੇ ਹਮਲੇ ਦੀਆਂ ਤਸਵੀਰਾਂ ਨੇ ਭਾਰਤ ‘ਚ ਬੈਠੇ ਮਾਪਿਆਂ ਦੀਆਂ ਦਿਲ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ।
ਭਾਰਤ ਤੋਂ ਯੂਕਰੇਨ ਪਡ਼੍ਹਨ ਲਈ ਗਏ ਕਈ ਵਿਦਿਆਰਥੀਆਂ ਦੇ ਘਰਾਂ ‘ਚ ਜੰਗ ਵੇਲੇ ਸੁਣੇ ਜਾਣ ਵਾਲੇ ਸਾਇਰਨਾਂ ਦੀਆਂ ਆਵਾਜ਼ਾਂ ਨੇ ਭਾਰਤ ਚ ਬੈਠੇ ਮਾਪਿਆਂ ਵਿੱਚ ਫਿਰ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ।
ਮਿਲ ਰਹੀਆਂ ਰਿਪੋਰਟਾਂ ਮੁਤਾਬਕ 18000 ਤੋਂ ਵੀ ਵੱਧ ਭਾਰਤੀ ਅਜੇ ਯੂਕਰੇਨ ਚ ਫਸੇ ਹੋਏ ਹਨ। ਪਿਛਲੇ 72 ਘੰਟਿਆਂ ਤੋਂ ਭਾਰਤੀ ਹਵਾਈ ਬੇੜਾ ਯੂਕਰੇਨ ਤੋਂ ਭਾਰਤੀਆਂ ਨੂੰ ਵਾਪਸ ਲੈ ਕਿਉਂ ‘ਚ ਜੁਟਿਆ ਹੋਇਆ ਹੈ।
ਯੂਕਰੇਨ ਅਤੇ ਰੂਸ ਵਿਚਕਾਰ ਬਣੇ ਜੰਗੀ ਹਾਲਾਤਾਂ ਨੂੰ ਵੇਖਦੇ ਹੋਏ ਭਾਰਤੀ ਦੂਤਾਵਾਸ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਜੇਕਰ ਯੂਕਰੇਨ ਤੋਂ ਭਾਰਤੀਆਂ ਨੂੰ ਲੈ ਕੇ ਆ ਰਹੇ ਜਹਾਜ਼ਾਂ ਦੇ ਰੂਟ ਵੱਲ ਧਿਆਨ ਦਿੱਤਾ ਜਾਵੇ ਤਾਂ ਫਲਾਈਟਾਂ ਪਾਕਿਸਤਾਨ ਤੇ ਇਰਾਨ ਦੇ ਹਵਾਈ ਮਾਰਗ ਰਾਹੀਂ ਹੋ ਕੇ ਭਾਰਤ ਪੁੱਜ ਰਹੀਆਂ ਹਨ।
ਜੰਗ ਸ਼ੁਰੂ ਹੋਣ ਤੇ ਤੁਰੰਤ ਬਾਅਦ ਭਾਰਤ ਵੱਲੋਂ ਆਪਣੇ ਨਾਗਰਿਕਾਂ ਨੂੰ ਯੂਕਰੇਨ ਵਿੱਚੋਂ ਕੱਢਣ ਵਾਸਤੇ ਇਸ ਵਾਸਤੇ ਪਹਿਲਾ ਜਹਾਜ਼ ਭੇਜਿਆ ਗਿਆ ਸੀ ਜੋ ਕਿ ਕੀਵ ਦੇ ਬੋਰਿਸਪਿਲ ਕੌਮਾਂਤਰੀ ਹਵਾਈ ਅੱਡੇ ਤੇ 8 ਘੰਟਿਆਂ ‘ਚ ਉਤਰਿਆ।
ਕਈਆਂ ਦੀਆਂ ਫਲਾਈਟਾਂ ਦੀਆਂ ਟਿਕਟਾਂ ਅਗਲੀਆਂ ਤਰੀਕਾਂ ਚ ਹੋਣ ਦੇ ਕਾਰਨ ਕੁੱਛ ਭਾਰਤੀ ਅਜੇ ਸੁਰੱਖਿਅਤ ਰਹਿਣ ਲਈ ਬੰਕਰਾਂ ‘ਚ ਚਲੇ ਗਏ ਹਨ। ਪਰ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਸੂਚਨਾ ਨਹੀਂ ਮਿਲ ਰਹੀ ਹੈ ਕਿ ਅਗਲੇ ਦਿਨਾਂ ਚ ਫਲਾਈਟਾਂ ਉੱਡਣਗੀਆਂ ਵੀ ਜਾਂ ਨਹੀਂ।
ਯੂਕਰੇਨ ਚ ਬਣੇ ਗੰਭੀਰ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਫਸੇ ਭਾਰਤੀਆਂ ਅਤੇ ਖ਼ਾਸ ਤੌਰ ਤੇ ਪੰਜਾਬੀਆਂ ਨੂੰ ਸਹੀ ਸਲਾਮਤ ਵਾਪਸ ਲਿਆਉਣ ਲਈ ਉਪਰਾਲੇ ਤੇਜ਼ ਕੀਤੇ ਜਾਣ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਰ ਮੁਮਕਿਨ ਹੀਲਾ ਵਰਤ ਕੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਯਤਨ ਤੇਜ਼ ਕੀਤੇ ਜਾਣ।
ਇਸ ਦੇ ਨਾਲ ਹੀ ਯੂਕਰੇਨ ‘ਚ ਭਾਰਤੀ ਦੂਤਾਵਾਸ ਦੇ ਨਾਲ ਕੇਂਦਰੀ ਵਿਦੇਸ਼ ਮੰਤਰਾਲੇ ਦਾ ਲਗਾਤਾਰ ਰਾਬਤਾ ਬਣਿਆ ਹੋਇਆ ਹੈ। ਪਰ ਯੂਕਰੇਨ ਦੇ ਵਿਗੜਦੇ ਹਾਲਾਤਾਂ ਵਿੱਚ ਬੰਬਾਂ ਤੇ ਮਿਸਾਈਲਾਂ ਨਾਲ ਉੱਠਦੇ ਧੂੰਏਂ ਦੇ ਗੋਲੇ ਵੇਖ ਭਾਰਤ ‘ਚ ਬੈਠੇ ਮਾਪਿਆਂ ਤੇ ਰਿਸ਼ਤੇਦਾਰਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਨਾ ਕੁਦਰਤੀ ਹੇੈ।
ਜੰਗੀ ਹਾਲਤ ਵਿੱਚ ਖਾਣੇ ਪਾਣੀ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਘਾਟ ਨੂੰ ਵੇਖਦਿਆਂ ਚਿੰਤਾਵਾਂ ਹੋਰ ਵੀ ਜ਼ਿਆਦਾ ਹੋ ਗਈਆਂ ਹਨ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪ੍ਰਧਾਨਮੰਤਰੀ ਮੋਦੀ ਕੁਝ ਦੇਰ ਬਾਅਦ ਰੂਸ ਦੇ ਰਾਸ਼ਟਰਪਤੀ ਪੂਤਿਨ ਨਾਲ ਗੱਲਬਾਤ ਕਰਨਗੇ। ਫਿਲਹਾਲ ਪ੍ਰਧਾਨਮੰਤਰੀ ਨੇ ਸੁਰੱਖਿਆ ਕੈਬਨਿਟ ਕਮੇਟੀ ਹਰ ਇਕ ਬੈਠਕ ਕੀਤੀ ਹੈ ਤੇ ਇਸ ਬੈਠਕ ਵਿੱਚ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਹੈ ਕੀ ਯੂਕਰੇਨ ਵਿੱਚ ਫਸੇ ਭਾਰਤੀਆਂ ਤੇ ਵਿਦਿਆਰਥੀਆਂ ਦੀ ਸੁਰੱਖਿਆ ਇਸ ਵਕਤ ਸਰਕਾਰ ਲਈ ਸਭ ਤੋਂ ਜ਼ਿਆਦਾ ਅਹਿਮ ਮੁੱਦਾ ਹੈ।