ਯੂਕੇ ‘ਚ ਵਿਅਕਤੀ ਨੇ ਕਬੂਲੇ ਸਿੱਖ ਮਹਿਲਾ ਨਾਲ ਜਬਰ ਜਨਾਹ ਦੇ ਦੋਸ਼, ਮੁਸਲਿਮ ਔਰਤ ਸਮਝ ਕੀਤਾ ਸੀ ਹਮਲਾ

Global Team
2 Min Read

ਨਿਊਜ਼ ਡੈਸਕ: ਯੂਕੇ ਵਿੱਚ 32 ਸਾਲਾ ਵਿਅਕਤੀ ਨੇ ਇੱਕ ਸਿੱਖ ਮਹਿਲਾ ਦੇ ਘਰ ਅੰਦਰ ਦਾਖਲ ਹੋ ਕੇ ਉਸ ਨਾਲ ਜਬਰ ਜਨਾਹ ਕਰਨ ਦਾ ਦੋਸ਼ ਕਬੂਲ਼ ਲਿਆ ਹੈ। ਸ਼ੁਰੂ ਵਿੱਚ ਟ੍ਰਾਇਲ ਦੌਰਾਨ ਉਸਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਬਾਅਦ ਵਿੱਚ ਬਰਮਿੰਘਮ ਕਰਾਉਨ ਕੋਰਟ ਵਿੱਚ ਉਸਨੇ ਆਪਣਾ ਬਿਆਨ ਬਦਲਦਿਆਂ ਅਕਤੂਬਰ 2025 ਵਿੱਚ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲ ਕਰ ਲਈ।

ਰਿਪੋਰਟ ਮੁਤਾਬਕ, ਜੌਹਨ ਐਸ਼ਬੀ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਆਪਣੀ ਗਲਤੀ ਮੰਨੀ।  ਅਭਿਯੋਗ ਪੱਖ ਨੇ ਦੱਸਿਆ ਕਿ ਦੋਸ਼ੀ ਬਰਮਿੰਘਮ ਦੇ ਪੈਰੀ ਬਾਰ ਇਲਾਕੇ ਵਿੱਚ ਬੱਸ ਤੋਂ ਮਹਿਲਾ ਦਾ ਪਿੱਛਾ ਕਰਦੇ ਹੋਏ ਉਸਦੇ ਘਰ ਤੱਕ ਪਹੁੰਚ ਗਿਆ।

ਅਭਿਯੋਗੀ ਫਿਲ ਬ੍ਰੈਡਲੀ ਕੇਸੀ ਨੇ ਜੂਰੀ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਪੀੜਤਾ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਐਸ਼ਬੀ ਨੇ ਉਸਨੂੰ ਧਮਕਾਇਆ ਅਤੇ ਹਮਲਾ ਕੀਤਾ। ਉਸ ਨੂੰ ਡੰਡੇ ਨਾਲ ਮਾਰਿਆ, ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਜਬਰਦਸਤੀ ਉਸਨੂੰ ਬਾਥਰੂਮ ਵਿੱਚ ਲਿਜਾ ਕੇ ਜਬਰ ਜਨਾਹ ਕੀਤਾ ਗਿਆ। ਹਮਲੇ ਦੌਰਾਨ ਉਸ ਨੇ ਪੀੜਤਾ ਨੂੰ ਮੁਸਲਿਮ ਵਿਰੋਧੀ ਗਾਲਾਂ ਕੱਢੀਆਂ, ਜਦੋਂਕਿ ਮਹਿਲਾ ਉਸ ਨੂੰ ਦੱਸਦੀ ਰਹੀ ਕਿ ਉਹ ਸਿੱਖ ਹੈ।

ਪੀੜਿਤਾ ਦੇ ਬਿਆਨ ਮੁਤਾਬਕ, ਦੋਸ਼ੀ ਨੇ ਬੱਤੀਆਂ ਬੰਦ ਕਰ ਦਿੱਤੀਆਂ ਅਤੇ ਹਮਲਾ ਜਾਰੀ ਰੱਖਦਿਆਂ ਉਸਨੂੰ ਕਿਹਾ ਕਿ ਉਹ “ਮਜ਼ਾ ਲੈਣਾ ਚਾਹੁੰਦਾ ਹੈ”। ਇਸ ਤੋਂ ਬਾਅਦ ਐਸ਼ਬੀ ਨੇ ਮਹਿਲਾ ਨੂੰ ਬੈੱਡਰੂਮ ਵਿੱਚ ਜਾਣ ਲਈ ਕਿਹਾ ਅਤੇ ਉਸਨੂੰ ਬਿਸਤਰ ‘ਤੇ ਲੇਟਣ ਲਈ ਮਜਬੂਰ ਕੀਤਾ, ਇਸ ਦੌਰਾਨ ਉਹ ਅਪਮਾਨਜਨਕ ਟਿੱਪਣੀਆਂ ਕਰਦਾ ਰਿਹਾ। ਉਸ ਨੇ ਪੀੜਤਾ ‘ਤੇ ਗਰਮ ਪਾਣੀ ਸੁੱਟਿਆ ਅਤੇ ਇਸ  ਦੌਰਾਨ ਉਸ ਨੂੰ “ਹਾਲੇਲੂਯਾਹ” ਕਹਿਣ ਲਈ ਵੀ ਮਜਬੂਰ ਕੀਤਾ।

ਇਹ ਘਟਨਾ ਅਚਾਨਕ ਉਸ ਵੇਲੇ ਰੁਕ ਗਈ ਜਦੋਂ ਬਾਹਰੋਂ ਆਈ ਕਿਸੇ ਆਵਾਜ਼ ਨਾਲ ਐਸ਼ਬੀ ਘਬਰਾ ਗਿਆ। ਉਹ ਮੌਕੇ ਤੋਂ ਭੱਜ ਗਿਆ ਅਤੇ ਜਾਂਦੇ ਸਮੇਂ ਪੀੜਤਾ ਦੇ ਗਹਿਣੇ ਅਤੇ ਮੋਬਾਈਲ ਫ਼ੋਨ ਆਪਣੇ ਨਾਲ ਲੈ ਗਿਆ।

ਹਮਲੇ ਤੋਂ ਕੁਝ ਹੀ ਸਮੇਂ ਬਾਅਦ ਪੀੜਤਾ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਅਦਾਲਤ ਵਿੱਚ ਦਿਖਾਈ ਗਈ ਬਾਡੀ ਕੈਮਰਾ ਫੁਟੇਜ ਵਿੱਚ ਉਹ ਪੁਲਿਸ ਦੇ ਪਹੁੰਚਣ ਸਮੇਂ ਬਹੁਤ ਘਬਰਾਈ ਹੋਈ ਨਜ਼ਰ ਆਈ।

ਅਗਲੇ ਦਿਨਾਂ ਵਿੱਚ ਪਹਿਚਾਣ ਪਰੇਡ ਦੌਰਾਨ ਉਸ ਨੇ ਐਸ਼ਬੀ ਨੂੰ ਆਪਣੇ ਹਮਲਾਵਰ ਵਜੋਂ ਪਛਾਣ ਲਿਆ। ਘਟਨਾ ਤੋਂ ਦੋ ਦਿਨ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Share This Article
Leave a Comment