ਮੋਹਾਲੀ ‘ਚ ਵਿਦੇਸ਼ੀ ਲੜਕੀ ਨਾਲ ਦਰਿੰਦਗੀ, 3 ਨੌਜਵਾਨਾਂ ਨੇ ਜਬਰ ਜਨਾਹ ਕੀਤਾ ਫਿਰ ਦੇਹ ਵਪਾਰ ਵੀ ਕਰਾਇਆ

Global Team
5 Min Read

ਚੰਡੀਗੜ੍ਹ: ਯੂਗਾਂਡਾ ਤੋਂ ਮੈਡੀਕਲ ਵੀਜ਼ੇ ’ਤੇ ਭਾਰਤ ਆਈ 26 ਸਾਲਾ ਕੁੜੀ ਨੇ ਤਿੰਨ ਨੌਜਵਾਨਾਂ ’ਤੇ ਗੰਭੀਰ ਦੋਸ਼ ਲਗਾਏ ਹਨ। ਪੀੜਤਾ ਮੁਤਾਬਕ ਚੰਡੀਗੜ੍ਹ ਵਿੱਚ ਉਸ ਦੀ ਤਿੰਨ ਨੌਜਵਾਨਾਂ ਨਾਲ ਦੋਸਤੀ ਹੋਈ, ਜਿਸ ਤੋਂ ਬਾਅਦ ਉਹ ਉਨ੍ਹਾਂ ਦੇ ਨਾਲ ਰਹਿਣ ਲਈ ਖਰੜ ਚਲੀ ਗਈ। ਇੱਥੇ ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਹੋਰ ਲੋਕਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ।

ਪੀੜਤਾ ਦਾ ਦੋਸ਼ ਹੈ ਕਿ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੂੰ ਹੱਥ-ਪੈਰ ਬੰਨ੍ਹ ਕੇ ਰੱਖਿਆ ਗਿਆ ਅਤੇ ਕੁੱਟਮਾਰ ਕੀਤੀ ਗਈ। ਉਸ ਨੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਗਰਮ ਮੋਮ ਪਾਉਣ ਸਮੇਤ ਤਸ਼ੱਦਦ ਦੇ ਵੀ ਗੰਭੀਰ ਇਲਜ਼ਾਮ ਲਗਾਏ ਹਨ।

ਮਾਮਲਾ ਸਾਹਮਣੇ ਕਿਵੇਂ ਆਇਆ?

ਇਹ ਪੂਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੀੜਤਾ ਨੂੰ ਕੁਝ ਦਿਨ ਪਹਿਲਾਂ ਲੁਧਿਆਣਾ ਦੀ ਇੱਕ ਸਮਾਜ ਸੇਵੀ ਸੰਸਥਾ ਕੋਲ ਲਿਆਂਦਾ ਗਿਆ। ਦੱਸਿਆ ਗਿਆ ਹੈ ਕਿ ਉਸ ਸਮੇਂ ਉਸ ਦੀ ਹਾਲਤ ਠੀਕ ਨਹੀਂ ਸੀ ਅਤੇ ਪੁਲਿਸ ਲਈ ਉਸ ਨਾਲ ਗੱਲਬਾਤ ਕਰਨਾ ਵੀ ਮੁਸ਼ਕਲ ਹੋ ਰਿਹਾ ਸੀ।

ਇੱਕ ਦੋਸਤ ਰਾਹੀਂ ਪੀੜਤਾ ਨੇ ਚੰਡੀਗੜ੍ਹ ਪੁਲਿਸ ਤੱਕ ਆਪਣੀ ਸ਼ਿਕਾਇਤ ਪਹੁੰਚਾਈ। ਇਸ ਤੋਂ ਬਾਅਦ ਖਰੜ ਦੀ ਇੱਕ ਮਹਿਲਾ ਨੇ ਮਾਮਲੇ ਵਿੱਚ ਅੱਗੇ ਆ ਕੇ ਮੁਲਜ਼ਮਾਂ ਦਾ ਟਿਕਾਣਾ ਲੱਭਣ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਮਦਦ ਕੀਤੀ।

ਲੱਸੀ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾਉਣ ਦਾ ਦੋਸ਼

ਪੀੜਤਾ ਮੁਤਾਬਕ 2025 ਵਿੱਚ ਖਰੜ ਵਿੱਚ ਉਸ ਦੀ ਲਾਈਬੇਰੀਆ ਦੇ ਤਿੰਨ ਨੌਜਵਾਨਾਂ ਮਾਰਕ, ਥੌਮਸ ਅਤੇ ਹੈਸ਼ੇਲ ਨਾਲ ਮੁਲਾਕਾਤ ਹੋਈ ਸੀ। ਦੋਸਤੀ ਤੋਂ ਬਾਅਦ ਉਹ ਉਨ੍ਹਾਂ ਨਾਲ ਰਹਿਣ ਲੱਗੀ।

ਉਸ ਦਾ ਦੋਸ਼ ਹੈ ਕਿ ਇੱਕ ਦਿਨ ਮਾਰਕ ਨੇ ਉਸ ਨੂੰ ਲੱਸੀ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾਇਆ। ਪੀੜਤਾ ਮੁਤਾਬਕ ਲੱਸੀ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਇਸੇ ਹਾਲਤ ਵਿੱਚ ਉਸ ਨਾਲ ਜਬਰ ਜਨਾਹ ਕੀਤਾ ਗਿਆ। ਉਸ ਨੇ ਦੋਸ਼ ਲਾਇਆ ਕਿ ਬਾਅਦ ਵਿੱਚ ਬਾਕੀ ਦੋ ਨੌਜਵਾਨਾਂ ਨੇ ਵੀ ਉਸ ਨਾਲ ਜਬਰ ਜਨਾਹ ਕੀਤਾ।

ਪੀੜਤਾ ਨੇ ਦੱਸਿਆ ਉਸ ਨੂੰ ਨਸ਼ਾ ਦੇ ਕੇ ਹੋਰ ਲੋਕਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ਲੱਗੇ। ਉਸ ਮੁਤਾਬਕ ਉਹ ਲੋਕਾਂ ਤੋਂ ਪੈਸੇ ਲੈਂਦੇ ਸਨ ਅਤੇ ਇਸ ਤਰ੍ਹਾਂ ਉਸ ਦਾ ਸ਼ੋਸ਼ਣ ਕਰਕੇ ਕਮਾਈ ਕਰਦੇ ਸਨ।

ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਗਏ। ਪੀੜਤਾ ਮੁਤਾਬਕ ਲੋਕਾਂ ਨੂੰ ਸ਼ੱਕ ਨਾ ਹੋਵੇ, ਇਸ ਲਈ ਉਸ ਨੂੰ ਪਿੰਡ ਸਹੌੜਾ ਵਿੱਚ ਇੱਕ ਸਕੂਲ ਦੇ ਪਿੱਛੇ ਸਥਿਤ ਘਰ ਵਿੱਚ ਲਿਜਾਇਆ ਗਿਆ।

ਤਿੰਨ ਦਿਨ ਬੰਨ੍ਹ ਕੇ ਰੱਖਣ ਦਾ ਦੋਸ਼

ਪੀੜਤਾ ਦਾ ਦੋਸ਼ ਹੈ ਕਿ ਉਸ ਨੂੰ ਤਿੰਨ ਦਿਨ ਤੱਕ ਬਾਲਕਨੀ ਵਿੱਚ ਬੰਨ੍ਹ ਕੇ ਰੱਖਿਆ ਗਿਆ। ਇਸ ਦੌਰਾਨ ਉਸ ’ਤੇ ਤਸ਼ੱਦਦ ਕੀਤਾ ਗਿਆ ਅਤੇ ਗਰਮ ਮੋਮ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਪਾਉਣ ਦਾ ਵੀ ਦੋਸ਼ ਲਾਇਆ ਹੈ।

ਉਸ ਮੁਤਾਬਕ ਆਸ-ਪਾਸ ਦੇ ਲੋਕਾਂ ਨੇ ਜਦੋਂ ਉਸ ਦੇ ਰੋਣ ਦੀ ਆਵਾਜ਼ ਸੁਣੀ ਅਤੇ ਘਰ ਬਾਰੇ ਪੁੱਛਿਆ ਤਾਂ ਮੁਲਜ਼ਮਾਂ ਨੇ ਅੰਦਰ ਕਿਸੇ ਦੇ ਹੋਣ ਤੋਂ ਇਨਕਾਰ ਕਰ ਦਿੱਤਾ। ਪੀੜਤਾ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਨੂੰ ਫੜ ਕੇ ਕੁੱਟਿਆ ਗਿਆ।

ਸੜਕ ਕਿਨਾਰੇ ਛੱਡਣ ਦਾ ਦਾਅਵਾ

ਪੀੜਤਾ ਮੁਤਾਬਕ 8 ਮਈ ਨੂੰ ਸਵੇਰੇ ਲਗਭਗ 11 ਵਜੇ ਮੁਲਜ਼ਮ ਉਸ ਨੂੰ ਆਟੋ ਵਿੱਚ ਬਿਠਾ ਕੇ ਖਰੜ ਨੇੜੇ ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਗਏ। ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਸ ਨੂੰ ਥਾਣੇ ਲਿਜਾਇਆ ਗਿਆ।

ਪੁਲਿਸ ਲਈ ਉਸ ਨਾਲ ਗੱਲਬਾਤ ਕਰਨਾ ਮੁਸ਼ਕਲ ਸੀ ਕਿਉਂਕਿ ਭਾਸ਼ਾ ਦੀ ਸਮੱਸਿਆ ਆ ਰਹੀ ਸੀ। ਇਸ ਤੋਂ ਬਾਅਦ ਅਨੁਵਾਦ ਲਈ ਸੁਖਵਿੰਦਰ ਕੌਰ ਦੀ ਮਦਦ ਲਈ ਗਈ।

ਸੁਖਵਿੰਦਰ ਕੌਰ ਨੇ ਮਨੁੱਖਤਾ ਦੀ ਸੇਵਾ ਸੋਸਾਇਟੀ ਦੇ ਮੁਖੀ ਗੁਰਪ੍ਰੀਤ ਸਿੰਘ ਮਿੰਟੂ ਨਾਲ ਸੰਪਰਕ ਕੀਤਾ। ਉਨ੍ਹਾਂ ਦੀ ਮਦਦ ਨਾਲ ਪੁਲਿਸ ਰਾਹੀਂ ਪੀੜਤਾ ਨੂੰ ਲੁਧਿਆਣਾ ਭੇਜਿਆ ਗਿਆ। ਉਸ ਸਮੇਂ ਉਸ ਦੀ ਪਛਾਣ ਅਤੇ ਪਤਾ ਵੀ ਸਪੱਸ਼ਟ ਨਹੀਂ ਸੀ ਅਤੇ ਉਹ ਖੁਦ ਵੀ ਪੁਲਿਸ ਨੂੰ ਆਪਣਾ ਨਾਮ ਨਹੀਂ ਦੱਸ ਸਕੀ।

ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਮੁੜ ਫੜੇ ਗਏ

ਮਾਮਲੇ ਵਿੱਚ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਉਹ ਥਾਣੇ ਤੋਂ ਭੱਜ ਗਏ। ਬਾਅਦ ਵਿੱਚ ਪੁਲਿਸ ਵੱਲੋਂ ਪੀੜਤਾ ਨੂੰ ਅਨਫਿਟ ਦੱਸੇ ਜਾਣ ਕਾਰਨ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ।

ਹਾਲਾਂਕਿ ਖਰੜ ਦੀ ਮਹਿਲਾ ਨੇ ਮਾਮਲੇ ਵਿੱਚ ਪੈਰਵੀ ਜਾਰੀ ਰੱਖੀ। ਪੀੜਤਾ ਦੇ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਗਏ। ਜੱਜ ਨੇ ਉਸ ਦੀ ਹਾਲਤ ਦੇਖਦਿਆਂ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਅਤੇ ਤਿੰਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ। ਪੀੜਤਾ ਦਾ ਇਸ ਸਮੇਂ ਲੁਧਿਆਣਾ ਵਿੱਚ ਇਲਾਜ ਚੱਲ ਰਿਹਾ ਹੈ।

Share This Article
Leave a Comment