ਨਿਊਜ਼ ਡੈਸਕ : ਅਫ਼ਗਾਨਿਸਤਾਨ ‘ਚ ਤੇਜ਼ੀ ਨਾਲ ਵੱਧ ਰਹੇ ਤਾਲਿਬਾਨ ਦੇ ਕਬਜ਼ੇ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ 3000 ਹੋਰ ਫੌਜੀਆਂ ਨੂੰ ਕਾਬੁਲ ਹਵਾਈ ਅੱਡੇ ‘ਤੇ ਭੇਜਿਆ ਹੈ ਤਾਂ ਕਿ ਉੱਥੇ ਅਮਰੀਕੀ ਦੂਤਾਵਾਸ ‘ਚ ਮੌਜੂਦ ਆਪਣੇ ਅਧਿਕਾਰੀਆਂ ਨੂੰ ਕੱਢਣ ‘ਚ ਮਦਦ ਮਿਲ ਸਕੇ।
ਉੱਥੇ ਹੀ ਹਜ਼ਾਰਾਂ ਹੋਰ ਫੌਜੀਆਂ ਨੂੰ ਖੇਤਰ ‘ਚ ਤਾਇਨਾਤ ਕਰਨ ਲਈ ਭੇਜਿਆ ਗਿਆ ਹੈ। ਅਮਰੀਕੀ ਅਧਿਕਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਫ਼ੌਜੀਆਂ ਦੀ ਅਸਥਾਈ ਤਾਇਨਾਤੀ ਨਾਲ ਸੰਕੇਤ ਮਿਲਦਾ ਹੈ ਕਿ ਤਾਲਿਬਾਨ ਦੇਸ਼ ਦੇ ਵੱਡੇ ਹਿੱਸੇ ‘ਤੇ ਤੇਜ਼ੀ ਨਾਲ ਕਬਜ਼ਾ ਕਰ ਰਿਹਾ ਹੈ।
ਤਾਲਿਬਾਨ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਦੱਖਣੀ ਹਿੱਸੇ ‘ਚ ਲਗਭਗ ਪੂਰਾ ਕਬਜ਼ਾ ਕਰ ਲਿਆ, ਜਿੱਥੇ ਉਸ ਨੇ ਚਾਰ ਹੋਰ ਸੂਬਿਆਂ ਦੀਆਂ ਰਾਜਧਾਨੀਆਂ ‘ਤੇ ਵੀ ਕੰਟਰੋਲ ਹਾਸਲ ਕਰ ਲਿਆ।
ਹੁਣ ਤੱਕ ਅਫ਼ਗਾਨਿਸਤਾਨ ਵਿੱਚ ਜਾਰੀ ਹਿੰਸਾ ਕਾਰਨ ਢਾਈ ਲੱਖ ਤੋਂ ਜ਼ਿਆਦਾ ਲੋਕ ਉਜੜ ਚੁੱਕੇ ਹਨ। ਅਫ਼ਗਾਨਿਸਤਾਨ ਵਿੱਚ ਬੀਤੇ 20 ਸਾਲਾਂ ਤੋਂ ਜੰਗ ਦੇ ਹਾਲਾਤ ਬਣੇ ਹੋਏ ਹਨ। 9/11 ਦੇ ਅਮਰੀਕਾ ‘ਤੇ ਹੋਏ ਅੱਤਵਾਦੀ ਹਮਲੇ ਮਗਰੋਂ ਅਮਰੀਕਾ ਤੇ ਹੋਰ ਦੇਸਾਂ ਦੀਆਂ ਫੌਜਾਂ ਅਫ਼ਗਾਨਿਸਤਾਨ ਵਿੱਚ ਜੰਗ ਲੜ ਰਹੀਆਂ ਸਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਤਾਲਿਬਾਨ ਲਗਾਤਾਰ ਆਪਣੇ ਇਲਾਕੇ ਵਿੱਚ ਵਾਧਾ ਕਰਦਾ ਜਾ ਰਿਹਾ ਹੈ।