ਤਾਈਪੇ : ਪੰਜ ਅਮਰੀਕੀ ਸੰਸਦ ਮੈਂਬਰਾਂ ਨੇ ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨਾਲ ਸ਼ੁੱਕਰਵਾਰ ਸਵੇਰੇ ਮੁਲਾਕਾਤ ਕੀਤੀ। ਅਚਾਨਕ ਕੀਤੀ ਗਈ ਇਹ ਮੁਲਾਕਾਤ ਚੀਨ ਦੀ ਧਮਕੀ ਤੋਂ ਬਾਅਦ ਤਾਇਵਾਨ ਨੂੰ ਅਮਰੀਕਾ ਦੇ ਮੁਕੰਮਲ ਸਮਰਥਨ ਦਾ ਇਕ ਹੋਰ ਸਬੂਤ ਹੈ।
ਅਮਰੀਕੀ ਪ੍ਰਤੀਨਿਧੀ ਸਭਾ ਨਾਲ ਸੱਤਾ ਤੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਇਕ ਸਮੂਹ ਵੀਰਵਾਰ ਰਾਤ ਨੂੰ ਹੀ ਤਾਇਵਾਨ ਪੁੱਜਾ ਤੇ ਸਾਈ ਸਮੇਤ ਕਈ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਦਾ ਫ਼ੈਸਲਾ ਕੀਤਾ। ਇਹ ਜਾਣਕਾਰੀ ਤਾਇਵਾਨ ਸਥਿਤ ਇਕ ਅਮਰੀਕੀ ਸੰਸਥਾ ਨੇ ਦਿੱਤੀ ਹੈ ਜਿਸ ਨੂੰ ਦੂਤਘਰ ਮੰਨਿਆ ਜਾਂਦਾ ਹੈ।
ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀ ਮੁਲਾਕਾਤ ਦੇ ਸਬੰਧ ‘ਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਮਰੀਕੀ ਸੰਸਦ ਮੈਂਬਰਾਂ ਦਾ ਇਹ ਦੌਰਾ ਅਜਿਹੇ ਸਮੇਂ ਹੋਇਆ ਹੈ ਜਦੋਂ ਦਹਾਕਿਆਂ ਦੀ ਤਨਾਤਨੀ ਆਪਣੇ ਸਿਖਰ ‘ਤੇ ਹੈ। 1949 ਦੇ ਯੁੱਧ ਤੋਂ ਬਾਅਦ ਤੋਂ ਵੱਖ ਹੋਏ ਦੋਵਾਂ ਦੇਸ਼ਾਂ ਵਿਚਾਲੇ ਹਮੇਸ਼ਾ ਤੋਂ ਤਣਾਅ ਰਿਹਾ ਹੈ ਪਰ ਚੀਨ ਹੁਣ ਵੀ ਉਸ ਨੂੰ ਆਪਣਾ ਅਨਿੱਖੜਵਾਂ ਅੰਗ ਮੰਨਦਾ ਹੈ।
ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਅਮਰੀਕੀ ਵਫ਼ਦ ਵਿੱਚ ਸ਼ਾਮਲ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ, ‘ਤੁਹਾਡੇ ਵਫ਼ਦ ਦੀ ਤਾਈਵਾਨ ਦੀ ਫੇਰੀ ਅਤੇ ਤੁਹਾਡਾ ਸਮਰਥਨ ਮੇਰੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ ਕਿ ਸਾਡੀ ਜਮਹੂਰੀ ਭਾਈਵਾਲੀ ਖੇਤਰ ਅਤੇ ਵਿਸ਼ਵ ਵਿੱਚ ਚੰਗੇ ਲਈ ਇੱਕ ਪ੍ਰਮੁੱਖ ਸ਼ਕਤੀ ਬਣੀ ਰਹੇਗੀ।’
Thank you to @RepMarkTakano, @RepSlotkin, @RepColinAllred, @SaraJacobsCA, & @RepNancyMace. Your delegation’s visit to #Taiwan & your support strengthens my conviction that our democratic partnership will continue to be a key force for good in the region & world. pic.twitter.com/ovytGNOHja
— 蔡英文 Tsai Ing-wen (@iingwen) November 26, 2021
ਸੰਸਦ ਮੈਂਬਰ ਟਕਾਨੋ ਨੇ ਕਿਹਾ ਕਿ ਅਸੀਂ ਇਸ ਦੌਰੇ ‘ਤੇ ਆਪਣੇ ਭਾਈਵਾਲਾਂ ਨੂੰ ਇਹ ਯਾਦ ਦਿਵਾਉਣ ਆਏ ਹਨ ਕਿ ਸਾਡਾ ਰਿਸ਼ਤਾ ਅਟੁੱਟ ਹੈ। ਅਸੀਂ ਵਚਨਬੱਧ ਹਾਂ ਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਆਜ਼ਾਦ ਤੇ ਸੁਰੱਖਿਅਤ ਰੱਖਣ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਸਮਝਦੇ ਹਾਂ।
ਅਮਰੀਕੀ ਸੰਸਦ ਮੈਂਬਰਾਂ ਦਾ ਸਵਾਗਤ ਕਰਦਿਆਂ ਸਾਈ ਨੇ ਕਿਹਾ ਕਿ ਤਾਇਵਾਨ ਅਮਰੀਕਾ ਨਾਲ ਆਪਣਾ ਸਹਿਯੋਗ ਜਾਰੀ ਰੱਖੇਗਾ। ਨੁਮਾਇੰਦਗੀ ਵਫ਼ਦ ਨੇ ਤਾਇਵਾਨ ਦੇ ਰਾਸ਼ਟਰੀ ਸੁਰੱਖਿਆ ਜਨਰਲ ਸਕੱਤਰ ਵਿਲਿੰਗਟਨ ਕੂ ਤੇ ਵਿਦੇਸ਼ ਮੰਤਰੀ ਜੋਸਫ ਵੂ ਨਾਲ ਵੀ ਮੁਲਾਕਾਤ ਕੀਤੀ।