ਘੱਗਰ ਨਦੀ ਦੇ ਤੇਜ਼ ਵਹਾਅ ‘ਚ ਰੁੜੇ ਦੋ ਨੌਜਵਾਨ, ਤੀਜੇ ਨੇ ਝਾੜੀਆਂ ਫੜ ਕੇ ਬਚਾਈ ਜਾਨ

Global Team
3 Min Read

ਚੰਡੀਗੜ੍ਹ : ਪੰਜਾਬ ਵਿੱਚ ਮੀਂਹ ਦਾ ਦੌਰ ਜਾਰੀ ਹੈ। ਚੰਡੀਗੜ੍ਹ ਵਿੱਚ ਵੀ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ।ਅੰਬਾਲਾ-ਚੰਡੀਗੜ੍ਹ ਹਾਈਵੇਅ ‘ਤੇ ਭਾਂਖਰਪੁਰ ਨੇੜੇ ਘੱਗਰ ਨਦੀ ਵਿੱਚ ਮੱਛੀਆਂ ਫੜਨ ਗਏ ਮਨੀਮਾਜਰਾ ਦੇ ਤਿੰਨ ਦੋਸਤ ਤੇਜ਼ ਵਹਾਅ ਵਿੱਚ ਫਸ ਗਏ। ਇਹਨਾਂ ਵਿੱਚੋਂ ਦੋ ਜਣੇ ਰੁੜ੍ਹ ਗਏ, ਜਦੋਂ ਕਿ ਤੀਜਾ ਕਿਸੇ ਤਰ੍ਹਾਂ ਝਾੜੀਆਂ ਨੂੰ ਫੜ ਕੇ ਬਚ ਗਿਆ।

ਘੱਗਰ ਨਦੀ ਵਿੱਚ ਰੁੜ੍ਹਨ ਵਾਲਿਆਂ ਦੀ ਪਛਾਣ ਮਨੀਮਾਜਰਾ ਦੇ ਰਹਿਣ ਵਾਲੇ ਸੁਰਿੰਦਰ ਅਤੇ ਦਰਸ਼ਨ ਵਜੋਂ ਹੋਈ ਹੈ, ਜਦੋਂ ਕਿ ਜ਼ਿੰਦਾ ਬਚੇ ਵਿਅਕਤੀ ਦੀ ਪਛਾਣ ਚੰਦਾ ਵਜੋਂ ਹੋਈ ਹੈ। ਤਿੰਨੋਂ ਆਟੋ ਰਾਹੀਂ ਨਦੀ ਦੇ ਕਿਨਾਰੇ ਪਹੁੰਚੇ ਸਨ ਅਤੇ ਪਾਣੀ ਵਿੱਚ ਜਾਲ ਪਾ ਕੇ ਮੱਛੀਆਂ ਫੜ ਰਹੇ ਸਨ।

ਇਸੇ ਦੌਰਾਨ ਪਹਿਲਾਂ ਦਰਸ਼ਨ ਦਾ ਪੈਰ ਫਿਸਲ ਗਿਆ ਅਤੇ ਉਹ ਰੁੜ੍ਹਨ ਲੱਗਾ। ਉਸ ਨੂੰ ਬਚਾਉਣ ਲਈ ਸੁਰਿੰਦਰ ਵੀ ਪਾਣੀ ਵਿੱਚ ਉਤਰਿਆ, ਪਰ ਤੇਜ਼ ਵਹਾਅ ਕਾਰਨ ਉਹ ਵੀ ਰੁੜ੍ਹ ਗਿਆ। ਤੀਜੇ ਸਾਥੀ ਚੰਦਾ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕਿਆ ਅਤੇ ਖ਼ੁਦ ਝਾੜੀਆਂ ਦਾ ਸਹਾਰਾ ਲੈ ਕੇ ਬਾਹਰ ਨਿਕਲਿਆ।ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੁਬਾਰਿਕਪੁਰ ਪੁਲਿਸ ਚੌਕੀ ਮੁਤਾਬਕ, ਸ਼ਨੀਵਾਰ ਦੇਰ ਸ਼ਾਮ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ।

ਮੌਸਮ ਵਿਭਾਗ ਅਨੁਸਾਰ, ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਗੁਰਦਾਸਪੁਰ, ਨਵਾਂਸ਼ਹਿਰ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ ਅਤੇ ਸੰਗਰੂਰ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦਾ ਅਨੁਮਾਨ ਹੈ।

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਮੁਤਾਬਕ, ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਪਰ ਇਹ ਅਜੇ ਵੀ ਆਮ ਦੇ ਆਸ-ਪਾਸ ਬਣਿਆ ਹੋਇਆ ਹੈ। ਸੂਬੇ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 39.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 10 ਤੋਂ 13 ਜੁਲਾਈ ਦਰਮਿਆਨ ਸੂਬੇ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment