ਹੁਸ਼ਿਆਰਪੁਰ : ਬੀਤੇ ਐਤਵਾਰ ਦੇਰ ਸ਼ਾਮ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪੈਂਦੇ ਬਲਾਕ ਟਾਂਡਾ ਦੇ ਪਿੰਡ ਖੁੱਡਾ ਅੱਡੇ ’ਤੇ ਪੰਜਾਬ ਪੁਲਿਸ ਦੇ ਇਕ ਡੀਐੱਸਪੀ ਦੀ ਬਲੈਰੋ ਗੱਡੀ ਨਾਲ ਟਕਰਾਉਣ ਕਾਰਨ ਸਕੂਟਰੀ ਸਵਾਰ ਦੋ ਮਹਿਲਾਵਾਂ ਦੀ ਮੌਤ ਹੋ ਗਈ ਗਈ ਜਦਕਿ ਉਨ੍ਹਾਂ ਨਾਲ ਇਕ ਚਾਰ ਮਹੀਨਿਆਂ ਦਾ ਬੱਚਾ ਮਾਮੂਲੀ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਜਨੀ ਪਤਨੀ ਬਲਜੀਤ ਤੇ ਮਮਤਾ ਪਤਨੀ ਕਪਿਲ ਦੇਵ ਵਾਸੀ ਟਿੱਲੂਵਾਲ ਥਾਣਾ ਟਾਂਡਾ ਵਜੋਂ ਹੋਈ।
ਦੱਸ ਦਈਏ ਸਕੂਟਰੀ ਸਵਾਰ ਦੋਨੇ ਮਹਿਲਾਵਾਂ ਦਰਾਣੀ-ਜਠਾਣੀ ਸਨ ਤੇ ਸਕੂਟਰੀ ’ਤੇ ਪਿੰਡੋਂ ਕਿਸੇ ਕੰਮ ਲਈ ਟਾਂਡਾ ਵੱਲ ਜਾ ਰਹੇ ਸਨ। ਜਦੋਂ ਉਹ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਪਿੰਡ ਖੁੱਡਾ ਦੇ ਅੱਡੇ ਤੋਂ ਸੜਕ ਕਰਾਸ ਕਰ ਰਹੀਆਂ ਸਨ ਤਾਂ ਇਸ ਦੌਰਾਨ ਜਲੰਧਰ ਵਾਲੇ ਪਾਸੇ ਤੋਂ ਆ ਰਹੀ ਪੰਜਾਬ ਪੁਲਿਸ ਦੇ ਇਕ ਡੀਐੱਸਪੀ ਦੀ ਤੇਜ਼ ਰਫ਼ਤਾਰ ਬਲੈਰੋ ਗੱਡੀ ਨੰਬਰ ਪੀਬੀ 06 ਏਕੇ 0295 ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ।
ਜ਼ਖ਼ਮੀ ਔਰਤਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਰਜਨੀ ਉਸ ਦੇ ਬੱਚੇ ਤੇ ਮਮਤਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਰੈਫਰ ਕਰ ਦਿੱਤਾ, ਜਿੱਥੇ ਉਹਨਾਂ ਦੀ ਮੌਤ ਹੋ ਗਈ ਜਦਕਿ ਰਜਨੀ ਦੇ ਬੱਚਾ ਦਾ ਅਜੇ ਇਲਾਜ ਚੱਲ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਟਾਂਡਾ ਪੁਲਿਸ ਨੇ ਡੀਐੱਸਪੀ ਦੀ ਬਲੈਰੋ ਗੱਡੀ ਤੇ ਮਿ੍ਤਕ ਦੀ ਲਾਸ਼ ਆਪਣੇ ਕਬਜ਼ੇ ’ਚ ਲੈਣ ਤੋਂ ਬਾਅਦ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।