ਅਲਾਪੁਜ਼ਾ: ਕੇਰਲ ਦੇ ਅਲਾਪੁਜ਼ਾ‘ਚ 12 ਘੰਟਿਆਂ ਦੇ ਅੰਦਰ ਦੋ ਸਿਆਸੀ ਆਗੂਆਂ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇੱਥੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਅਤੇ ਭਾਜਪਾ ਦੇ ਦੋ ਸੂਬਾ ਪੱਧਰੀ ਆਗੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਕਤਲ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਹੈ, ਜਿਸ ਕਾਰਨ ਇਲਾਕੇ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਸਵੇਰੇ ਭਾਜਪਾ ਦੇ ਓਬੀਸੀ ਮੋਰਚਾ ਦੇ ਸੂਬਾ ਸਕੱਤਰ ਰਣਜੀਤ ਸ੍ਰੀਨਿਵਾਸਨ ਦਾ ਉਨ੍ਹਾਂ ਦੇ ਘਰ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਕਿਹਾ ਕਿ ਭਾਜਪਾ ਆਗੂ ਸਵੇਰ ਦੀ ਸੈਰ ਲਈ ਬਾਹਰ ਨਿਕਲਿਆ ਸੀ, ਜਦੋਂ ਹਮਲਾਵਰਾਂ ਦੀ 8 ਮੈਂਬਰੀ ਟੀਮ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਚਾਕੂ ਮਾਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਐਸਡੀਪੀਆਈ ਦੇ ਸੂਬਾ ਸਕੱਤਰ ਸ਼ਾਨ ਕੇਐਸ ਦਾ ਸ਼ਨੀਵਾਰ ਰਾਤ ਅਣਪਛਾਤੇ ਹਮਲਾਵਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। SDPI ਨੇਤਾ ‘ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਆਪਣੇ ਸਕੂਟਰ ‘ਤੇ ਮਾਨਾਚੇਰੀ ‘ਚ ਘਰ ਪਰਤ ਰਹੇ ਸਨ। ਪੁਲਿਸ ਨੇ ਦੱਸਿਆ ਕਿ ਇੱਕ ਕਾਰ ਵਿੱਚ ਆਏ ਹਮਲਾਵਰਾਂ ਨੇ ਪਹਿਲਾਂ ਉਸਦੇ ਦੋਪਹੀਆ ਵਾਹਨ ਨੂੰ ਟੱਕਰ ਮਾਰੀ ਅਤੇ ਹੇਠਾਂ ਡਿੱਗਣ ਤੋਂ ਬਾਅਦ ਕਈ ਵਾਰ ਚਾਕੂ ਮਾਰਿਆ ਗਿਆ। ਜਿਸ ਤੋਂ ਬਾਅਦ ਪੀੜਤ ਦੀ ਏਰਨਾਕੁਲਮ ਦੇ ਇੱਕ ਨਿੱਜੀ ਹਸਪਤਾਲ ‘ਚ ਮੌਤ ਹੋ ਗਈ।