ਮੁਹੰਮਦ ਮੁਸਤਫ਼ਾ ਨੇ ਕੀਤੇ ਵੱਡੇ ਖੁਲਾਸੇ, ਦੱਸਿਆ ਉਨ੍ਹਾਂ ਨੂੰ DGP ਨਾਂ ਬਣਨ ਦੇਣ ਦੀ ਸਾਜ਼ਿਸ਼ ’ਚ ਕੌਣ-ਕੌਣ ਸੀ ਸ਼ਾਮਲ

TeamGlobalPunjab
7 Min Read

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਮੁੱਖ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਇਕ ਵਾਰ ਫ਼ਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਿਆ ਹੈ। ਮੁਹੰਮਦ ਮੁਸਤਫ਼ਾ ਨੇ ਟਵੀਟ ਕਰਕੇ ਲਿਖਿਆ, ‘ਪੰਜਾਬ ਨੂੰ ਇਹ ਪਤਾ ਹੋਣਾ ਚਾਹੀਦਾ ਹੈ।’ ਉਨ੍ਹਾਂ ਖ਼ੁਲਾਸਾ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੰਜਾਬ ਦਾ ਡੀ. ਜੀ. ਪੀ. ਕਿਉਂ ਨਹੀਂ ਨਿਯੁਕਤ ਕੀਤਾ ਗਿਆ।

ਮੁਸਤਫ਼ਾ ਵੱਲੋਂ ਸਾਂਝੀ ਕੀਤੀ ਗਈ ਪੂਰੀ ਸਚਾਈ ਪੜ੍ਹੋ:

ਹੁਣ ਡੀਜੀਪੀ ਦੇ ਅਹੁਦੇ ਬਾਰੇ :

‘ਮੇਰੇ ਲਈ ਡੀ ਜੀ ਪੀ ਬਣਨਾ ਜਾਂ ਨਾ ਬਣਨਾ ਕਦੇ ਵੀ ਕੋਈ ਮੁੱਦਾ ਨਹੀਂ ਰਿਹਾ। ਇਹ ਚੀਫ ਮਨਿਸਟਰ ਦਾ ਅਧਿਕਾਰ ਹੈ ਅਤੇ ਉਸਦੀ ਮਰਜੀ ਹੈ ਕਿ ਕੌਣ ਡੀ ਜੀ ਪੀ ਬਣੁਗਾ। ਪਰ ਮੇਰੇ ਅੰਦਰਲੇ ਸੋਲਜਰ (soldier) ਨੂੰ ਇਸ ਗੱਲ ਦਾ ਸਖਤ ਹਿਰਖ ਅਤੇ ਐਤਰਾਜ਼ ਸੀ ਤੇ ਹਮੇਸ਼ਾ ਰਹੇਗਾ ਕਿ ਇੱਕ ਬੇਬਸ ਸੀ ਐਮ ਨੇ ਅਰੋੜਾ ਵਰਗੇ ਜਾਅਲੀ ਕਿਰਦਾਰ ਵਾਲੇ ਸਾਜਿਸ਼ੀ ਅਤੇ ਉਸਦੇ ਪਾਲਤੂ ਦਿਨਕਰ ਗੁਪਤਾ ਨਾਲ ਮਿਲਕੇ ਸਾਜਿਸ਼ ਰਚੀ ਤੇ ਮੇਰਾ ਨਾਮ UPSC ਦੇ ਪੈਨਲ ਵਿਚੋਂ ਬਾਹਰ ਕੱਢਕੇ ਮੈਨੂੰ ਜ਼ਲੀਲ ਕੀਤਾ ਅਤੇ ਮੇਰੇ ਵਰਗੇ ਨਿਡਰ, ਦੇਸ਼ਭਗਤ, ਰਾਸ਼ਟਰਵਾਦੀ ਤੇ ਖੁਦਦਾਰ ਵਿਅਕਤੀ ਦੀ ਖੁਦਦਾਰੀ ਨੂੰ ਸੱਟ ਮਾਰੀ।

- Advertisement -

ਸੀਐਮ ਦਫਤਰ ਦੇ ਇਕ ਚੋਟੀ ਦੇ ਅਫਸਰ ਵਲੋਂ ਮੈਨੂੰ ਮੇਰੇ ਖਿਲਾਫ ਲਗਾਤਾਰ ਹੋ ਰਹੀਆਂ ਸਾਜਿਸ਼ਾਂ ਦੇ ਇਸ਼ਾਰੇ ਮਿਲਣ ਦੇ ਬਾਵਜੂਦ ਵੀ ਮੈਂ ਕੈਪਟਨ ਅਮਰਿੰਦਰ ਸਿੰਘ ‘ਤੇ ਪੂਰਾ ਭਰੋਸਾ ਕਰਦਾ ਰਿਹਾ। ਜੇ ਮੈਂ CMO ਦੇ ਉਸ ਅਧਿਕਾਰੀ ਦੁਆਰਾ ਦਿੱਤੀਆਂ ਖ਼ਬਰਾਂ ‘ਤੇ ਅਮਲ ਕੀਤਾ ਹੁੰਦਾ ਤਾਂ ਮੈਂ ਮਾਣਯੋਗ ਪ੍ਰਧਾਨ ਮੰਤਰੀ ਜੀ ਜਾਂ ਉਸ ਵੇਲੇ ਦੇ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਜੀ ਨੂੰ ਜ਼ਰੂਰ ਮਿਲਦਾ ਜਾਂ ਫਿਰ ਘੱਟ ਤੋਂ ਘੱਟ UPSC ਦੇ ਚੇਅਰਮੈਨ ਨੂੰ ਮਿਲ ਲੈਂਦਾ ਜਿਹਨਾਂ ਨਾਲ ਮੇਰੀ SSP ਵੇਲੇ ਤੋਂ ਜਾਣ ਪਹਿਚਾਣ ਸੀ।

ਮੈਨੂੰ ਪੁਰਾ ਭਰੋਸਾ ਤੇ ਯਕੀਨ ਹੈ ਕਿ ਜੇ ਮੈਂ ਇਹਨਾਂ ਵਿਚੋਂ ਕਿਸੇ ਇੱਕ ਨੂੰ ਵੀ ਮਿਲ ਲੈਂਦਾ ਤਾਂ ਉਹ ਮੇਰਾ ਸਰਵਿਸ ਰਿਕਾਰਡ, ਮੇਰਾ ਕੰਮ ਤੇ ਮੇਰੀ ਰਾਸ਼ਟਰਵਾਦੀ ਸੋਚ ਨੂੰ ਵੇਖ ਕੇ ਕਦੇ ਵੀ ਮੇਰੇ ਨਾਲ ਅਜਿਹਾ ਧੱਕਾ ਤੇ ਧੋਖਾ ਨਾ ਹੋਣ ਦਿੰਦੇ, ਕਿਉਂਕਿ ਮੇਰਾ ਮੁਕਾਬਲਾ ਜਿਹਨਾਂ ਨਾਲ ਸੀ ਉਹ ਇਹ ਸਭ ਗੱਲਾਂ ਨੂੰ ਮੁੱਖ ਰੱਖਦੇ ਹੋਏ ਮੇਰੇ ਤੋਂ ਹਜ਼ਾਰਾਂ ਮੀਲ ਪਿੱਛੇ ਹਨ। ਇਹ ਸਾਰੀ ਸਾਜਿਸ਼ ਅਰੋੜਾ ਦੁਆਰਾ ਇੱਕ ਕੇਂਦਰੀ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਕੇ ਰਚੀ ਗਈ ਸੀ।

UPSC ਦੇ ਫੈਸਲੇ ਤੋਂ ਅਗਲੇ ਦਿਨ ਜਦੋ ਮੈਂ UPSC ਦੇ ਚੇਅਰਮੈਨ ਸਾਹਿਬ ਨੂੰ ਮਿਲਿਆ ਤਾਂ ਉਹ ਵੀ ਮੇਰਾ ਨਾਮ ਪੈਨਲ ਵਿਚੋਂ ਗਾਇਬ ਹੋਣ ਤੇ ਬਹੁਤ ਹੈਰਾਨ ਸਨ ਅਤੇ ਮੈਨੂੰ ਮਸ਼ਵਰਾ ਦਿੱਤਾ ਕਿ ਤੁਰੰਤ ਹੀ ਇਸ ਫੈਸਲੇ ਦੇ ਖਿਲਾਫ ਉਹਨਾਂ ਨੂੰ ਇੱਕ ਦਰਖ਼ਾਸਤ (REPRESENTATION) ਦੇ ਦੇਵਾਂ। ਪਰ ਉਨ੍ਹਾਂ ਨਾਲ ਤਫਸੀਲੀ ਮਸ਼ਵਰਾ ਕਰਨ ਤੋਂ ਬਾਅਦ ਕੋਰਟ ਦਾ ਰੁਖ ਕਰਨ ਦਾ ਫੈਸਲਾ ਕੀਤਾ ਗਿਆ ਕਿਉਂਕਿ ਹੁਣ ਚੇਅਰਮੈਨ ਸਾਹਿਬ ਦੇ ਹੱਥ ‘ਚ ਵੀ ਕਰਨ ਨੂੰ ਬਹੁਤ ਕੁਝ ਨਹੀਂ ਬਚਿਆ ਸੀ।

ਸੂਬੇ ਦੇ ਮੁੱਖ ਸਕੱਤਰ ਜਿਸਨੂੰ ਸੂਬੇ ਦੀ ਨੋਕਰਸ਼ਾਹੀ ਦੀ ਜ਼ਮੀਰ ਦਾ ਰਖਵਾਲਾ ਸਮਝਿਆ ਜਾਂਦਾ ਹੈ, ਕਰਨ ਅਵਤਾਰ ਸਿੰਘ ਦੁਆਰਾ ਨਿਭਾਈ ਗਈ ਘਟੀਆ ਤੇ ਨਿੰਦਣਯੋਗ ਭੂਮਿਕਾ ਤੋਂ ਮੈਂ ਤੇ CMO ਦਾ ਚੋਟੀ ਦਾ ਅਫ਼ਸਰ ਸਭ ਤੋਂ ਵੱਧ ਹੈਰਾਨ ਸੀ ਕਿ ਉਹ ਵੀ ਆਪਣੇ ਛੋਟੇ ਮੋਟੇ ਲਾਲਚ ਨੂੰ ਪੂਰਾ ਕਰਨ ਲਈ ਮੁਸਤਫ਼ਾ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਬਣ ਗਿਆ । 1 ਫ਼ਰਵਰੀ 2019 ਨੂੰ ਸ਼ਾਮੀ 7 ਵਜੇ ਮੈਂ ਤੇ ਰਜ਼ੀਆ CM ਸਾਹਿਬ ਨੂੰ ਉਨ੍ਹਾਂ ਦੀ ਕੋਠੀ ਵਿੱਚ ਮਿਲੇ ਤੇ ਉਨ੍ਹਾਂ ਨੂੰ ਮੇਰੇ ਖਿਲਾਫ ਘੜੀਆਂ ਜਾਣ ਵਾਲੀਆਂ ਸਾਜ਼ਿਸ਼ਾਂ ਸਬੰਧੀ ਮੈਨੂੰ ਮਿਲ ਰਹੀਆਂ ਖ਼ਬਰਾਂ ਬਾਰੇ ਦੱਸਿਆ। ਉਸ ਵੇਲ਼ੇ ਉਨ੍ਹਾਂ ਦਾ ਚਿਹਰਾ ਵੇਖਣ ਵਾਲਾ ਸੀ।

ਮੈਂ ਅਤੇ ਰਜ਼ੀਆ ਸਮਝ ਗਏ ਕਿ ਮੇਰਾ ਕਾਮ ਤਮਾਮ ਹੋ ਚੁੱਕਿਆ ਹੈ। ਇਸ ਦੇ 1 ਘੰਟੇ ਬਾਅਦ ਹੀ ਉਸੇ ਕਮਰੇ ਵਿੱਚ CM ਸਾਹਿਬ ਨੇ ਮੁੱਖ ਸਕੱਤਰ ਕਰਨ ਅਵਤਾਰ ਅਤੇ ਮੇਰੇ ਖਿਲਾਫ ਸਾਜਿਸ਼ ਦੇ ਮੁੱਖ ਸੂਤਰਧਾਰ DGP ਅਰੋੜਾ ਨਾਲ ਮੀਟਿੰਗ ਕੀਤੀ ਜਿਸ ਵਿੱਚ ਕਰਨ ਅਵਤਾਰ ਨੂੰ ਮੇਰੇ ਖ਼ਿਲਾਫ ਰਚੀ ਗਈ ਸਾਜ਼ਿਸ਼ ਦਾ ਹਿੱਸਾ ਬਣਾਇਆ ਗਿਆ ਤੇ ਉਸਨੂੰ ਮੈਨੂ ਠੋਕਣ ਲਈ ਖ਼ਾਸ ਭੂਮਿਕਾ ਸੌਂਪੀ ਗਈ ਜੋ ਕਿ ਉਨ੍ਹਾਂ ਨੇ ਬੜੀ ਬੇਸ਼ਰਮੀ ਨਾਲ 04 ਫ਼ਰਵਰੀ ਦੀ UPSC ਦੀ ਮੀਟਿੰਗ ਵਿੱਚ ਵੱਧ ਚੜ੍ਹ ਕੇ ਨਿਭਾਈ।

- Advertisement -

CM ਹਾਊਸ ਵਿੱਚ ਸਾਜ਼ਿਸ਼ ਰਚੀ ਜਾਣ ਵਾਲੀ ਇਸ ਮੀਟਿੰਗ ਤੋਂ ਤੁਰੰਤ ਬਾਅਦ CMO ਦੇ ਉੱਚ ਅਧਿਕਾਰੀ ਨੇ ਮੈਨੂੰ ਸੂਚਿਤ ਕਰ ਦਿਤਾ ਸੀ ਕਿ “ਤੁਹਾਡੀ ਕਬਰ ਪੁੱਟੀ ਜਾ ਚੁੱਕੀ ਹੈ ਅਤੇ ਹੁਣ ਸਿਰਫ਼ 4 ਫ਼ਰਵਰੀ ਨੂੰ UPSC ਦੇ ਭਵਨ ਵਿੱਚ ਤੁਹਾਨੂੰ ਦਫ਼ਨਾਉਣ ਦੀ ਰਸਮ ਬਾਕੀ ਹੈ”, ਹੋਇਆ ਭੀ ਇਹੀ। ਮੇਰੇ ਕਾਤਲਾਂ ਨੂੰ ਇਹ ਜਾਣਕੇ ਬਡ਼ੀ ਹੈਰਾਨੀ ਹੋਵੇਗੀ ਕਿ UPSC ਦੀ ਫਰਜ਼ੀ ਕਾਰਵਾਈ ਵਾਲੀ ਮੀਟਿੰਗ ਖ਼ਤਮ ਹੋਣ ਤੋਂ ਚੰਦ ਮਿੰਟ ਬਾਅਦ ਹੀ ਮੈਨੂੰ ਸਾਰਾ ਕੁੱਝ ਪਤਾ ਲੱਗ ਗਿਆ ਸੀ। ਇਹ ਦੂਜੀ ਗੱਲ ਹੈ ਕਿ ਰਵੀਨ ਆਪਣੀ ਡਿਊਟੀ ਸਮਝ ਕੇ ਝੂਠ ਬੋਲਦਾ ਰਿਹਾ ਤੇ ਮੀਡੀਆ ਨੂੰ ਧੋਖਾ ਦਿੰਦਾ ਰਿਹਾ।

ਇਕ ਅਦਾਰੇ ਦੇ ਤੌਰ ਤੇ UPSC ਤੇ ਮੈਨੂੰ ਪੁਰਾ ਭਰੋਸਾ ਹੈ ਪਰ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਜਿਸ ਤਰੀਕੇ ਨਾਲ ਡੀ ਜੀ ਪੀ ਦੇ ਪੈਨਲ ਨੂੰ ਤਿਆਰ ਕਰਨ ਵਾਲਾ UPSC ਬੋਰਡ ਬਣਾਇਆ ਜਾਂਦਾ ਹੈ ਉਹ ਇਕ ਗੋਰਖ ਧੰਦਾ ਹੈ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ।

ਜਿਸ ਤਰੀਕੇ ਨਾਲ ਸਰਕਾਰ ਵਲੋਂ ਨਾਮਜ਼ਦ ਕੀਤੇ ਚਾਰ ਨੁਮਾਇੰਦੇ UPSC ਬੋਰਡ ਵਿਚ ਰੱਖੇ ਜਾਂਦੇ ਹਨ ਅਤੇ ਸਿਰਫ ਖਾਨਾਪੂਰਤੀ ਲਈ ਹੀ UPSC ਦਾ ਇਕ ਨੁਮਾਇੰਦਾ ਰੱਖਿਆ ਜਾਂਦਾ ਹੈ ਜਿਸ ਨੂੰ ਪੁਲਿਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ, ਇਹ ਸੁਪਰੀਮ ਕੋਰਟ ਦੇ ਡੀ ਜੀ ਪੀ ਨੂੰ ਚੁਨਣ ਵਾਲੇ ਫੈਸਲੇ ਦੀ ਮੂਲ ਭਾਵਨਾ ਦਾ ਘਾਣ ਕਰਦਾ ਹੈ।

ਮਾਣਯੋਗ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣਾ ਹੁਣ ਵੀ ਮੇਰੇ ਏਜੰਡੇ ਤੇ ਹੈ। ਮੈਂ ਇਹਨਾਂ ਨੂੰ ਜ਼ਰੂਰ ਮਿਲਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਭਵਿੱਖ ਵਿਚ ਕਿਸੇ “ਜਾਅਲੀ ਕਿਰਦਾਰ ਵਾਲੇ ਪਿੱਛਲੱਗੂ ਪਾਲਤੂ” ਕਾਰਨ ਕਿਸੇ ਬਹਾਦਰ ਰਾਸ਼ਟਰਵਾਦੀ ਜੰਗੀ ਘੋੜੇ ਦਾ ਘਾਣ ਨਾ ਹੋਵੇ।’

Share this Article
Leave a comment