ਨਵੀਂ ਦਿੱਲੀ : ਦਿੱਲੀ ਪੁਲਿਸ ਵੱਲੋਂ ਦੱਖਣੀ-ਪੱਛਮੀ ਦਿੱਲੀ ‘ਚ ਮੁਠਭੇੜ ਤੋਂ ਬਾਅਦ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਦੋ ਖਾੜਕੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਖਾੜਕੂਆਂ ਦੀ ਪਹਿਚਾਣ ਭੁਪਿੰਦਰ ਉਰਫ਼ ਦਿਲਾਵਰ ਸਿੰਘ ਅਤੇ ਕੁਲਵੰਤ ਸਿੰਘ ਵਜੋਂ ਹੋਈ ਹੈ। ਦੋਵੇਂ ਪੰਜਾਬ ਦੇ ਲੁਧਿਆਣਾ ਦੇ ਵਸਨੀਕ ਦੱਸੇ ਜਾ ਰਹੇ ਹਨ ਅਤੇ ਦੋਵੇਂ ਖਾੜਕੂ ਪੰਜਾਬ ‘ਚ ਕੁਝ ਮਾਮਲਿਆਂ ‘ਚ ਵੀ ਲੋੜੀਂਦੇ ਹਨ। ਪੁਲਿਸ ਨੇ ਦੋਵਾਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਹੈ।
ਬੱਬਰ ਖਾਲਸਾ ਭਾਰਤ ‘ਚ ਇੱਕ ਖਾਲਿਸਤਾਨੀ ਅੱਤਵਾਦੀ ਸੰਗਠਨ ਵਜੋਂ ਸਰਗਰਮ ਹੈ। ਇਹ ਸੰਗਠਨ 1978 ‘ਚ ਬਣਾਇਆ ਗਿਆ ਸੀ। ਪਰ 1990 ‘ਚ ਸੰਗਠਨ ਦੇ ਕਈ ਸੀਨੀਅਰ ਮੈਂਬਰਾਂ ਦੇ ਐਨਕਾਊਂਟਰ ਤੋਂ ਬਾਅਦ ਇਸ ਅੱਤਵਾਦੀ ਸੰਗਠਨ ਦਾ ਪ੍ਰਭਾਵ ਘੱਟ ਗਿਆ ਸੀ। ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਕੈਨੇਡਾ, ਜਰਮਨੀ, ਭਾਰਤ ਅਤੇ ਯੂਨਾਈਟੇਡ ਕਿੰਗਡਮ ਸਮੇਤ ਕਈ ਦੇਸ਼ਾਂ ‘ਚ ਇਕ ਅੱਤਵਾਦੀ ਸੰਗਠਨ ਦੇ ਰੂਪ ‘ਚ ਨਾਮਜ਼ਦ ਕੀਤਾ ਗਿਆ ਹੈ।